ਜਲੰਧਰ-ਪਠਾਨਕੋਟ ਮੁੱਖ ਰਾਜ ਮਾਰਗ ‘ਤੇ ਮੁਕੇਰੀਆਂ ਦੇ ਖਾਨਪੁਰ ਨੇੜੇ ਸਕੂਲ ਵੈਨ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਇੱਕ ਫੌਜੀ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਫੌਜੀ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨੌਸ਼ਹਿਰਾ ਨਲ ਬੰਦ ਥਾਣਾ ਕਾਨਵਾ ਪਠਾਨਕੋਟ ਵਜੋੰ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਫੌਜੀ ਜਵਾਨ ਦੇ ਮਾਮੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜੋਕਿ ਦੋ ਸਾਲ ਪਹਿਲਾਂ 2019 ‘ਚ ਭਾਰਤੀ ਫੌਜ 307 MED Regt, Arty ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਨੌਕਰੀ ‘ਤੇ ਸੀ। ਉਹ 40 ਦਿਨਾਂ ਦੀ ਛੁੱਟੀ ਲੈ ਕੇ 10 ਦਿਨ ਪਹਿਲਾਂ ਘਰ ਆਇਆ ਸੀ। ਬੁੱਧਵਾਰ ਨੂੰ ਕਰੀਬ 12 ਵਜੇ ਉਹ ਆਪਣੀ ਮਾਸੀ ਦੇ ਪਿੰਡ ਟੇਰਕਿਆਣਾ ਥਾਣਾ ਦਸੂਹਾ ਨੂੰ ਮਿਲਣ ਲਈ ਆਪਣੇ ਮੋਟਰਸਾਈਕਲ ‘ਤੇ ਘਰੋਂ ਨਿਕਲਿਆ ਸੀ, ਜਦੋਂ ਮੁਕੇਰੀਆਂ ਦੇ ਪਿੰਡ ਖਾਨਪੁਰ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਇਕ ਸਕੂਲ ਵੈਨ ਅਚਾਨਕ ਉਲਟੀ ਦਿਸ਼ਾ ‘ਚ ਆ ਕੇ ਪਲਟ ਗਈ।
ਇਸ ਹਾਦਸੇ ਵਿੱਚ ਮਨਜਿੰਦਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਰਕੇ ਮਿਲਟਰੀ ਹਸਪਤਾਲ ਪਠਾਨਕੋਟ ਰੈਫ਼ਰ ਕਰ ਦਿੱਤਾ। ਇੱਥੇ ਉਸ ਦੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਨੇ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਸਕੂਲ ਵੈਨ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਲੋਕ ਰਾਮ ਨੇ ਦੱਸਿਆ ਕਿ ਮਨਜਿੰਦਰ ਦੇ ਦੋਸਤ ਵਿਨੋਦ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਨੌਸ਼ਹਿਰਾ ਨਲ ਬੰਦ ਥਾਣਾ ਕਾਨਵਾਂ ਪਠਾਨਕੋਟ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ, ਜੋਕਿ ਮਨਜਿੰਦਰ ਦੇ ਨਾਲ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਕਾਰਨ ਸਕੂਲ ਵੈਨ ਅਤੇ ਨੈਸ਼ਨਲ ਹਾਈਵੇਅ ਦੀ ਅਣਗਹਿਲੀ ਕਾਰਨ ਮਾਪਿਆਂ ਦਾ ਇੱਕੋ ਇੱਕ ਸਹਾਰਾ ਖੁੱਸ ਗਿਆ ਹੈ। ਕਿਉਂਕਿ ਖਾਨਪੁਰ ਨੇੜੇ ਨੈਸ਼ਨਲ ਹਾਈਵੇਅ ‘ਤੇ ਸੜਕ ਨੂੰ ਆਰਜ਼ੀ ਤੌਰ ‘ਤੇ ਸਾਫ਼ ਕਰ ਦਿੱਤਾ ਗਿਆ ਹੈ। ਇਥੇ ਮੁੱਖ ਰਾਜ ਮਾਰਗ ਬਣਨ ਤੋਂ ਲੈ ਕੇ ਹੁਣ ਤੱਕ ਅਣਗਿਣਤ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: