ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਰੇਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਘਰ ਦੇ ਨੇੜੇ ਇੱਕ ਪਾਰਕ ਕੋਲ ਨਕਸ਼ਾ ਮਿਲਿਆ ਹੈ। ਜੋ ਉਨ੍ਹਾਂ ਦੇ ਘਰ ਦਾ ਹੈ, ਜਿਸ ਵਿੱਚ ਉਨ੍ਹਾਂ ਦੇ ਘਰ ਦਾ ਪੂਰਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੀ ਸਕਿਓਰਿਟੀ ਕਿੱਥੇ ਰਹਿੰਦੀ ਹੈ, ਇਹ ਵੀ ਦੱਸਿਆ ਗਿਆ ਹੈ।
ਕੇਂਦਰੀ ਮੰਤਰੀ ਨੇ ਤੁਰੰਤ ਇਸ ਦੀ ਸੂਚਨਾ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਦਿੱਤੀ, ਜਿਸ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਕਿਹਾ ਕਿ ਇਕ ਔਰਤ ਨੇ ਇਹ ਨਕਸ਼ਾ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਸਾਰਾ ਮਾਮਲਾ ਪੁਲਿਸ ਨੂੰ ਦੱਸ ਦਿੱਤਾ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮਪ੍ਰਕਾਸ਼ ਦਾ ਮੁਹਾਲੀ ਦੇ ਸੈਕਟਰ-71 ਵਿੱਚ ਮਕਾਨ ਹੈ। ਬੇਅੰਤ ਕੌਰ ਨਾਂ ਦੀ ਔਰਤ ਨੇ ਇਹ ਨਕਸ਼ਾ ਉਨ੍ਹਾਂ ਦੇ ਸਕਿਓਰਿਟੀ ਗਾਰਡ ਨੂੰ ਦਿੱਤਾ। ਬੇਅੰਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਹੈ। ਉਹ ਪੇਇੰਗ ਗੈਸਟ ਵਜੋਂ ਮੰਤਰੀ ਦੇ ਘਰ ਦੇ ਨੇੜੇ ਰਹਿ ਰਹੀ ਹੈ।
ਬੇਅੰਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਰਗਿਲ ਪਾਰਕ ਵਿੱਚ ਸੈਰ ਕਰਨ ਗਈ ਸੀ, ਉਥੇ ਉਸ ਨੇ ਇਹ ਕਾਗਜ਼ ਵੇਖਿਆ। ਉਸ ਨੇ ਜਦੋਂ ਇਸ ਨੂੰ ਖੋਲ੍ਹ ਕੇ ਵੇਖਿਆ ਤਾਂ ਮੰਤਰੀ ਦੇ ਘਰ ਵਰਗਾ ਨਕਸ਼ਾ ਸੀ। ਇਸ ‘ਤੇ ਕਾਪ ਯਾਨੀ ਪੁਲਿਸ ਵੀ ਲਿਖਿਆ ਹੋਇਆ ਸੀ। ਇਸ ਨੂੰ ਵੇਖਦੇ ਹੋਏ ਉਸ ਨੇ ਇਹ ਕਾਗਜ਼ ਮੰਤਰੀ ਦੇ ਘਰ ਦੇ ਬਾਹਰ ਤਾਇਨਾਤ ਸਕਿਓਰਿਟੀ ਗਾਰਡ ਨੂੰ ਸੌਂਪ ਦਿੱਤਾ।
ਪੁਲਿਸ ਨੇ ਇਸ ਮਾਮਲੇ ਵਿੱਚ ਬੇਅੰਤ ਕੌਰ ਤੋਂ ਵੀ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਕਾਗਜ਼ ਸੁੱਟਣ ਵਾਲੇ ਨੂੰ ਵੇਖਿਆ ਜਾ ਸਕਦਾ ਹੈ। ਮੁਹਾਲੀ ਪੁਲਿਸ ਦੇ ਡੀ.ਐੱਸ.ਪੀ. ਸੁਖਨਾਜ਼ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: