ਅਬੋਹਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਉਨ੍ਹਾਂ ਹਜ਼ਾਰਾਂ ਕਿਸਾਨਾਂ ਜਿਨ੍ਹਾਂ ਦੀਆਂ ਫਸਲਾਂ ਤੇ ਬਾਗ, ਭਾਰੀ ਬਰਸਾਤਾਂ ਕਾਰਨ ਤਬਾਹ ਹੋ ਗਏ ਹਨ, ਨੂੰ ਰਾਹਤ ਪ੍ਰਦਾਨ ਕਰਨ ਲਈ ਵਿਸ਼ੇਸ਼ ਫੰਡਾਂ ਦੀ ਵਿਵਸਥਾ ਕਰੇ ਤੇ ਨਾਲ ਹੀ ਪ੍ਰਭਾਵਤ ਇਲਾਕਿਆਂ ਵਿਚੋਂ ਪਾਣੀ ਕੱਢਣ ਵਾਸਤੇ ਢੁਕਵੇਂ ਕਦਮ ਚੁੱਕੇ।
ਅਕਾਲੀ ਦਲ ਦੇ ਆਗੂ ਨੇ ਆਪਣੇ ਕੋਲੋਂ ਹੀ ਲੰਬੀ ਹਲਕੇ ਦੇ ਪੰਦਰਾਂ ਪਿੰਡਾਂ ਵਿਚੋਂ ਪਾਣੀ ਕੱਢਣ ਲਈ ਮੋਟਰ ਪੰਪ ਤੇ ਪਾਈਪਾਂ ਪ੍ਰਦਾਨ ਕੀਤੀਆਂ ਹਨ ਤੇ ਨਾਲ ਹੀ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਤ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਕੀਟਨਾਸ਼ਕਾਂ ਦੇ ਛਿੜਕਾਅ ਵਾਸਤੇ ਮੁਹਿੰਮ ਚਲਾਉਣ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ ਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਾ ਕੋਈ ਵੀ ਪਾਰਟੀ ਵਿਚ ਨਹੀਂ ਰਹੇਗਾ।
ਇਸ ਗੰਭੀਰ ਸੰਕਟ ਵੇਲੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਛੇ ਮੰਤਰੀ ਤੇ ਮੁੱਖ ਮੰਤਰੀ ਆਪ ਜ਼ਿਲ੍ਹੇ ਦਾ ਦੌਰਾ ਕਰ ਚੁੱਕੇ ਹਨ ਪਰ ਹਾਲੇ ਤੱਕ ਵਿਸ਼ੇਸ਼ ਗਿਰਦਾਵਰੀ ਸ਼ੁਰੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਮੈਨੂੰ ਦੱਸਿਆ ਹੈ ਕਿ ਕੋਈ ਵੀ ਰਾਹਤ ਇਸ ਲਈ ਪ੍ਰਦਾਨ ਨਹੀਂ ਕੀਤੀ ਜਾ ਰਹੀ ਕਿਉਂਕਿ ਸਰਕਾਰ ਤੋਂ ਕੋਈ ਹਦਾਇਤ ਨਹੀਂ ਮਿਲੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕਿਸਾਨ ਜਿਨ੍ਹਾਂ ਦੀਆਂ ਫਸਲਾਂ ਤੇ ਬਾਗ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਤਬਾਹ ਹੋਏ ਹਨ, ਉਨ੍ਹਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਠੇਕੇ ’ਤੇ ਖੇਤੀ ਕਰਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਪਹਿਲ ਕੀਤੀ ਜਾਵੇ ਤੇ ਉਨ੍ਹਾਂ ਨੇ ਪਿੰਡ ਰੁਕਣਪੁਰਾ ਖੂਈ ਖੇੜਾ ਦੇ ਠੇਕੇ ’ਤੇ ਖੇਤੀ ਕਰਦੇ ਕਿਸਾਨ ਦਾ ਹਵਾਲਾ ਦਿੱਤਾ ਜਿਸਦੀ 60 ਏਕੜ ਵਿਚ ਖੜ੍ਹੀ ਫਸਲ ਤਬਾਹ ਹੋ ਗਈ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫਸਲ ਤਬਾਹ ਹੋਈ ਹੈ ਤੇ ਉਨ੍ਹਾਂ ਦੇ ਕਿੰਨੂਆਂ ਦੇ ਬਾਗ ਘਬਾਹ ਹੋਏ ਹਨ, ਉਨ੍ਹਾਂ ਦੇ ਮਜ਼ਦੂਰਾਂ ਦੀ ਹਾਲਾਤ ਵੀ ਬਹੁਤ ਖਰਾਬ ਹੈ। ਉਨ੍ਹਾਂ ਦੱਸਿਆ ਕਿ ਦਿਹਾੜੀਦਾਰਾਂ ਨੇ ਉਨ੍ਹਾਂ ਕੋਲ ਪਹੁੰਚ ਕੀਤੀ ਹੈ ਤੇ ਦੱਸਿਆ ਹੈ ਕਿ ਫਸਲਾਂ ਤਬਾਹ ਹੋਣ ਕਾਰਨ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ ਤੇ ਸਰਕਾਰ ਨੂੰ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਸ. ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਡਰੇਨਾਂ ਦੀ ਸਫਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਸਮੱਸਿਆ ਹੋਰ ਗੰਭੀਰ ਹੋਈ ਹੈ। ਉਨ੍ਹਾਂ ਕਿਹਾ ਕਿ ਸੇਮ ਨਾਲਾ ਜੋ ਇਲਾਕੇ ਵਿਚ ਬਣਾਇਆ ਸੀ, ਉਸਦੀ ਸਫਾਈ ਨਹੀਂ ਹੋਈ ਤੇ ਉਹ ਜੰਗਲ ਬਣਿਆ ਪਿਆ ਹੈ। ਉਨ੍ਹਾਂ ਨੇ ਅਬੋਹਰ ਸ਼ਹਿਰ ਵਿਚ ਵੀ ਕਈ ਇਲਾਕਿਆਂ ਵਿਚ ਹੜ੍ਹ ਆਉਣ ਦਾ ਹਵਾਲਾ ਦਿੱਤਾ ਤੇ ਦੱਸਿਆ ਕਿ ਸਾਬਕਾ ਪੀ ਸੀ ਸੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇਥੇ ਡਰੇਨੇਜ ਤੇ ਸੀਵਰੇਜ ਪਾਈਪ ਪਾਉਣ ਵੇਲੇ ਹੋਏ ਭ੍ਰਿਸ਼ਟਾਚਾਰ ਕਾਰਨ ਅਜਿਹਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ 2020 ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਅਤੇ ਹੁਣ ਦੂਹਰੀ ਮਾਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਣਾ ਮੁਆਵਜ਼ਾ ਕਿਸਾਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਹਾਲਾਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਵੇਲੇ ਤੋਂ ਬਿਲਕੁਲ ਉਲਟੇ ਹਨ ਕਿਉਂਕਿ ਉਦੋਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨਾ ਸਿਰਫ ਸਮੇਂ ਸਿਰ ਹੜ੍ਹਾਂ ਦੀ ਰੋਕਥਾਮ ਲਈ ਕਦਮ ਚੁੱਕਦੀ ਸੀ ਬਲਕਿ ਕੋਈ ਤ੍ਰਾਸਦੀ ਹੋਣ ’ਤੇ ਰਾਹਤ ਤੁਰੰਤ ਜਾਰੀ ਕਰਦੀ ਸੀ।