ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਜ਼ਿਆਦਾਤਰ ਰਾਜਾਂ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਭਾਰੀ ਮੀਂਹ ਦੇ ਨਾਲ-ਨਾਲ ਦੇਸ਼ ਦੇ ਕਈ ਇਲਾਕਿਆਂ ‘ਚ ਗੜੇ ਪਏ ਅਤੇ ਕਈ ਥਾਵਾਂ ‘ਤੇ ਕਾਲੇ ਬੱਦਲ ਛਾ ਗਏ। ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ ਪੱਕੀ ਫ਼ਸਲ ਦੀ ਵਾਢੀ ਦਾ ਸਮਾਂ ਨੇੜੇ ਹੈ। ਮੌਸਮ ਵਿਭਾਗ ਮੁਤਾਬਕ ਇਹ ਮੀਂਹ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਵਾਲਾ ਹੈ।
ਮੌਸਮ ਵਿਭਾਗ ਮੁਤਾਬਕ ਉੱਤਰੀ-ਪੱਛਮੀ, ਪੂਰਬੀ ਭਾਰਤ ‘ਚ ਮੀਂਹ ਅਤੇ ਗੜੇਮਾਰੀ 20 ਮਾਰਚ ਨੂੰ ਵੀ ਜਾਰੀ ਰਹੇਗੀ। ਇਸ ਤੋਂ ਇਲਾਵਾ ਮੱਧ, ਪੱਛਮ ਅਤੇ ਦੱਖਣੀ ਭਾਰਤ ਵਿੱਚ ਵੀ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਉੱਤਰ ਪੂਰਬ ਦੇ ਰਾਜਾਂ ਵਿੱਚ 19 ਤੋਂ 21 ਮਾਰਚ ਤੱਕ ਮੀਂਹ ਦਾ ਅਲਰਟ ਹੈ।
ਮੌਸਮ ਵਿਭਾਗ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਦੱਸਿਆ ਹੈ ਕਿ ਪੱਛਮੀ ਹਿਮਾਲੀਅਨ ਖੇਤਰ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ 19 ਤੋਂ 20 ਮਾਰਚ ਦਰਮਿਆਨ ਗਰਜ਼-ਤੂਫ਼ਾਨ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਤਰਾਖੰਡ ਵਿੱਚ 19 ਅਤੇ 21 ਮਾਰਚ ਨੂੰ, ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਰਾਜਸਥਾਨ ਵਿੱਚ 19 ਮਾਰਚ ਨੂੰ, ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ 19 ਅਤੇ 20 ਮਾਰਚ ਨੂੰ ਮੀਂਹ ਅਤੇ ਗੜੇਮਾਰੀ ਹੋਵੇਗੀ। ਦੂਜੇ ਪਾਸੇ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ ਵਿੱਚ 20 ਮਾਰਚ ਨੂੰ ਮੀਂਹ ਤੇ ਹਨੇਰੀ ਤੋਂ ਇਲਾਵਾ ਗੜੇਮਾਰੀ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਬਾਰਿਸ਼ ਹੋਈ। ਉੜੀਸਾ, ਬਿਹਾਰ, ਹਰਿਆਣਾ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਵਿੱਚ ਭਾਰੀ ਮੀਂਹ ਦੇਖਿਆ ਗਿਆ। ਜਦੋਂ ਕਿ ਇਨ੍ਹਾਂ ਰਾਜਾਂ ਦੇ ਨਾਲ-ਨਾਲ ਰਾਇਲਸੀਮਾ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿੱਚ ਵੀ ਗੜੇਮਾਰੀ ਹੋਈ।
ਇਹ ਵੀ ਪੜ੍ਹੋ : ਖੂੰਖਾਰ ਜੇਲ੍ਹ, ਜਿਥੇ ਖੰਭਾਂ ਵਾਂਗ ਲਟਕੀਆਂ ਰਹਿੰਦੀਆਂ ਨੇ ਲਾਸ਼ਾਂ, ਔਰਤਾਂ ਜਿਊਂਦੀਆਂ ਨੇ ਨਰਕ ਵਾਲੀ ਜ਼ਿੰਦਗੀ
ਜੇ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਉੱਤਰੀ ਅੰਦਰੂਨੀ ਤਾਮਿਲਨਾਡੂ ਅਤੇ ਕੇਰਲ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਭਾਰਤ ਦੇ ਪੱਛਮੀ ਬੰਗਾਲ, ਉੱਤਰ-ਪੂਰਬੀ ਭਾਰਤ ਵਿੱਚ 19-23 ਮਾਰਚ ਨੂੰ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼, ਸਿੱਕਮ, ਅਸਾਮ, ਮੇਘਾਲਿਆ ਅਤੇ ਨਾਗਾਲੈਂਡ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 19 ਤੋਂ 21 ਮਾਰਚ ਦਰਮਿਆਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: