ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਚੋਰੀ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਇਸ ਦੇ ਲਈ ਮਹਿਕਮੇ ਵੱਲੋਂ ਚੈਕਿੰਗ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ, ਜੋਕਿ ਅਜਿਹੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਫੜ ਕੇ ਉਨ੍ਹਾਂ ਨੂੰ ਵੱਡਾ ਜੁਰਮਾਨਾ ਲਾ ਰਹੀਆਂ ਹਨ।
ਬਿਜਲੀ ਚੋਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੀ.ਐਸ.ਪੀ.ਸੀ.ਐਲ. ਦੀਆਂ ਟੀਮਾਂ ਨੇ ਸਖਤੀ ਵਰਤਦੇ ਹੋਏ ਮੋਹਾਲੀ ਸਰਕਲ ਦੇ ਵੱਖ-ਵੱਖ ਹਿੱਸਿਆਂ ‘ਤੇ ਛਾਪੇਮਾਰੀ ਕੀਤੀ, ਜਿਸ ਮਗਰੋਂ ਬਿਜਲੀ ਚੋਰੀ ਕਰਨ ਵਾਲੇ 92 ਖਪਤਕਾਰਾਂ ਕੋਲੋਂ ਕੁਲ 59.11 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਬਿਜਲੀ ਵਿਭਾਗ ਦੀਆਂ ਟੀਮਾਂ ਨੇ ਜ਼ੀਰਕਪੁਰ ਅਤੇ ਬਨੂੜ ਸਬ-ਡਵੀਜ਼ਨਾਂ ਅਧੀਨ ਪੈਂਦੇ ਕੰਡਾਲਾ, ਨਰਾਇਣਗੜ੍ਹ, ਢਕੌਲੀ, ਥੂਹਾ ਆਦਿ ਸਮੇਤ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਥੇ ਵੱਖ-ਵੱਖ ਟੀਮਾਂ ਵੱਲੋਂ ਬਿਜਲੀ ਚੋਰੀ ਦੇ 16 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਇਸ ਸਮੁੱਚੀ ਕਵਾਇਦ ਦੌਰਾਨ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ ਚਾਰ ਕੇਸ ਵੀ ਪਾਏ ਗਏ ਹਨ ਅਤੇ ਉਨ੍ਹਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ’ਤੇ 16.67 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਮੋਹਾਲੀ ਡਵੀਜ਼ਨ ਦੇ ਪਿੰਡ ਝਾਮਪੁਰ ਅਤੇ ਸੈਕਟਰ 123 ‘ਚ ਵੀ ਚੈਕਿੰਗ ਕੀਤੀ ਗਈ ਅਤੇ ਬਿਜਲੀ ਚੋਰੀ ਅਤੇ ਅਣਅਧਿਕਾਰਤ ਵਰਤੋਂ ਦੇ 29 ਕੇਸ ਦਰਜ ਕੀਤੇ ਗਏ ਅਤੇ 21.44 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ। ਉਨ੍ਹਾਂ ਕਿਹਾ ਕਿ ਕੁਝ ਸ਼ੱਕੀ ਪਾਏ ਗਏ ਬਿਜਲੀ ਦੇ ਮੀਟਰਾਂ ਨੂੰ ਮੌਕੇ ‘ਤੇ ਸੀਲ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਅਤੇ ਜ਼ਰੂਰੀ ਜਾਂਚ ਲਈ ਲੈਬ ਭੇਜ ਦਿੱਤਾ ਹੈ।
ਮੰਤਰੀ ਹਰਭਜਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਲੜੂ ਡਵੀਜ਼ਨ ਅਧੀਨ ਪੈਂਦੇ ਪਿੰਡ ਸਰਸੀਣੀ, ਤੋਗਾਪੁਰ, ਲਾਲੜੂ, ਲਾਲੜੂ ਮੰਡੀ ਅਤੇ ਧੰਗੇੜਾ ਵਿਖੇ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 19 ਮਾਮਲੇ ਅਤੇ ਅਣਅਧਿਕਾਰਤ ਬਿਜਲੀ ਦੀ ਵਰਤੋਂ ਦੇ 24 ਮਾਮਲੇ ਦਰਜ ਕੀਤੇ ਗਏ ਅਤੇ ਪੀ.ਐਸ.ਪੀ.ਸੀ.ਐਲ. ਇਨ੍ਹਾਂ ਖਪਤਕਾਰਾਂ ਵਿਰੁੱਧ 21 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।
ਬਿਜਲੀ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੂੰ ਦਾਗ਼ੀ ਖਪਤਕਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ। ਇਨਫੋਰਸਮੈਂਟ ਅਤੇ ਡਿਸਟ੍ਰੀਬਿਊਸ਼ਨ ਵਿੰਗ ਦੀਆਂ ਟੀਮਾਂ ਪੀ.ਐਸ.ਪੀ.ਸੀ.ਐਲ ਦੇ ਸਾਰੇ ਜ਼ੋਨਾਂ ਵਿੱਚ ਲਗਾਤਾਰ ਚੈਕਿੰਗ ਕਰ ਰਹੀਆਂ ਹਨ।
ਹਰਭਜਨ ਸਿੰਘ ਈ.ਟੀ.ਓ ਨੇ ਸਮੂਹ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਦੇ ਖ਼ਤਰੇ ਨੂੰ ਕਾਬੂ ਕਰਨ ਲਈ ਅੱਗੇ ਆਉਣ। ਖਪਤਕਾਰ ਵ੍ਹਾਟਸਐਪ ਨੰਬਰ 96461-75770 ‘ਤੇ ਅਸਲ ਜਾਣਕਾਰੀ ਦੇ ਕੇ ਬਿਜਲੀ ਚੋਰੀ ਵਿਰੁੱਧ ਵਿੱਢੀ ਮੁਹਿੰਮ ਵਿੱਚ ਯੋਗਦਾਨ ਪਾ ਸਕਦੇ ਹਨ। ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਿਕਾਇਤਾਂ ਦੀ ਪਛਾਣ ਕਿਸੇ ਨੂੰ ਵੀ ਨਹੀਂ ਦੱਸੀ ਜਾਵੇਗੀ।