ਪੰਜਾਬ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਾਵਾਲ ਵਿੱਚ ਵੀਰਵਾਰ ਨੂੰ ਇੱਕ ਬਜ਼ੁਰਗ ਕਿਸਾਨ ਨੇ ਆਪਣੇ ਖੇਤਾਂ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਨਾਂ ਗੁਰਮੇਲ ਸਿੰਘ ਸੀ। ਉਸ ਦੇ ਸਿਰ 7 ਲੱਖ ਰੁਪਏ ਦਾ ਕਰਜ਼ਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਤੋਲਾਵਾਲ ਦੇ ਰਹਿਣ ਵਾਲੇ 62 ਸਾਲਾ ਕਿਸਾਨ ਗੁਰਮੇਲ ਸਿੰਘ ਕੋਲ 1.25 ਏਕੜ ਜ਼ਮੀਨ ਹੈ। ਉਸ ਦੇ 2 ਪੁੱਤ ਤੇ ਇਕ ਧੀ ਹੈ। ਗੁਰਮੇਲ ਸਿੰਘ ਸਿਰ 7 ਲੱਖ ਰੁਪਏ ਦਾ ਕਰਜ਼ਾ ਸੀ। ਇਸ ਵਿੱਚੋਂ ਕੁਝ ਕਰਜ਼ਾ ਪਬਲਿਕ ਸੈਕਟਰ ਦੇ ਬੈਂਕਾਂ ਦਾ ਸੀ, ਜਦੋਂ ਕਿ ਬਾਕੀ ਰਕਮ ਆੜ੍ਹਤੀਆਂ ਅਤੇ ਦੂਜੇ ਲੋਕਾਂ ਤੋਂ ਲਈ ਹੋਈ ਸੀ। ਗੁਰਮੇਲ ਸਿੰਘ ਨੇ ਇਹ ਕਰਜ਼ਾ ਆਪਣੇ ਪਰਿਵਾਰਕ ਲੋੜਾਂ ਕਾਰਨ ਲਿਆ ਸੀ।
ਜਸਵੰਤ ਸਿੰਘ ਮੁਤਾਬਕ ਗੁਰਮੇਲ ਸਿੰਘ ਨੂੰ ਕਰਜ਼ਾ ਲਏ 10 ਸਾਲ ਹੋ ਗਏ ਸਨ ਅਤੇ ਉਸ ਦੇ ਪਰਿਵਾਰ ਨੇ ਕਰਜ਼ਾ ਮੋੜਨ ਲਈ ਖੇਤੀ ਤੋਂ ਕੋਈ ਕਮਾਈ ਨਹੀਂ ਕੀਤੀ ਸੀ। ਉਧਾਰ ਦੇਣ ਵਾਲੇ ਕਾਫੀ ਸਮੇਂ ਤੋਂ ਉਸ ‘ਤੇ ਪੈਸੇ ਵਾਪਸ ਕਰਨ ਲਈ ਦਬਾਅ ਪਾ ਰਹੇ ਸਨ, ਜਿਸ ਕਰਕੇ ਗੁਰਮੇਲ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਗੁਰਮੇਲ ਸਿੰਘ ਨੇ ਵੀਰਵਾਰ ਨੂੰ ਆਪਣੇ ਖੇਤਾਂ ‘ਚ ਦਰੱਖਤ ਨਾਲ ਫਾਹਾ ਲੈ ਲਿਆ।
ਇਹ ਵੀ ਪੜ੍ਹੋ : ਸੰਗਰੂਰ ‘ਚ ਬੱਕਰੀ ਗੁੰਮ ਹੋਣ ‘ਤੇ ਕਤਲ, ਦੋ ਧਿਰਾਂ ਵਿਚਾਲੇ ਹੋਏ ਹਿੰਸਕ ਝੜਪ, ਇੱਕ ਦੀ ਹਾਲਤ ਨਾਜ਼ੁਕ
ਆਲੇ-ਦੁਆਲੇ ਦੇ ਲੋਕਾਂ ਨੇ ਗੁਰਮੇਲ ਸਿੰਘ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖ ਕੇ ਪਰਿਵਾਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਭਾਕਿਯੂ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਸੂਬੇ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ‘ਆਪ’ ਦੀ ਸਰਕਾਰ ਬਣਨ ਦੇ ਇੱਕ ਸਾਲ ਬਾਅਦ ਵੀ ਕਿਸਾਨਾਂ ਲਈ ਕੁਝ ਨਹੀਂ ਕੀਤਾ ਗਿਆ।
ਭਾਕਿਯੂ ਉਗਰਾਹਾਂ ਨੇ ਮੰਗ ਕੀਤੀ ਹੈ ਕਿ ਗੁਰਮੇਲ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: