ਅੰਮ੍ਰਿਤਸਰ : ਸਰਹੱਦੀ ਪੱਟੀ ਦੇ ਹਜ਼ਾਰਾਂ ਲੋਕਾਂ ਨੇ ਅੱਜ ਸੰਘੀ ਢਾਂਚੇ ਨੂੰ ਬਰਕਰਾਰ ਰੱਖਣ ਅਤੇ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਰੋਹ ਪ੍ਰਗਟਾਵੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਰੋਸ ਮਾਰਚ ਕੀਤਾ ਜਿਸ ਦੌਰਾਨ ਲੋਕਾਂ ਨੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਅੱਗੇ ਆਤਮ ਸਮਰਪਣ ਕਰਨ ਅਤੇ ਪੰਜਾਬ ਵਿਚ ਕੇਂਦਰੀ ਅਧਿਕਾਰ ਖੇਤਰ ਵਿਚ ਵਾਧਾ ਕਰਨ ਲਈ ਸਹਿਮਤੀ ਦੇਣ ਵਿਰੁੱਧ ਰੋਸ ਮੁਜ਼ਾਹਰਾ ਕੀਤਾ।
ਇਹ ਇਤਿਹਾਸਕ ਰੋਸ ਮਾਰਚ, ਜੋ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਰੋਡ ਸ਼ੋਅ ਵਿਚ ਬਦਲ ਗਿਆ, ਵਿਚ 20 ਹਜ਼ਾਰ ਮੋਟਰ ਸਾਈਕਲ ਸਵਾਰ ਸ਼ਾਮਲ ਹੋਏ ਜਿਨ੍ਹਾਂ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਅਟਾਰੀ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਵਿਚ ਗੋਲਡਨ ਗੇਟ ਤੱਕ ਪੂਰੇ ਜਾਹੋ ਜਲਾਲ ਨਾਲ ਰੋਸ ਮਾਰਚ ਦਾ ਹਿੱਸਾ ਬਣ ਕੇ ਕੇਂਦਰ ਸਰਕਾਰ ਦੇ ਕਦਮ ਵਿਰੁੱਧ ਰੋਹ ਪ੍ਰਗਟਾਇਆ। ਇਸ ਮਾਰਚ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਜਿਹਨਾਂ ਨੁੰ 40 ਕਿਲੋਮੀਟਰ ਲੰਬੇ ਰੂਟ ਜਿਸ ਨੂੰ ਮੁਕੰਮਲ ਕਰਨ ਵਿਚ 4 ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ, ਦੌਰਾਨ ਉਹਨਾਂ ਨੂੰ ਅਣਗਿਣਤ ਵਾਰ ਸਿਰੋਪਾਓ ਬਖਸ਼ਿਸ਼ ਕਰ ਕੇ ਸੰਗਤ ਨੇ ਸਨਮਾਨਤ ਕੀਤਾ।
ਗੋਲਡਨ ਗੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਵਿਚ ਜੋਸ਼ ਭਰ ਗਿਆ ਹੈ ਜਿਸ ਨੂੰ ਤੁਸੀਂ ਵੇਖ ਸਕਦੇ ਹੋ। ਉਹਨਾਂ ਕਿਹਾ ਕਿ ਲੋਕਾਂ ਨੇ ਮਨੁੱਖਤਾ ਦਾ ਸਮੁੰਦਰ ਬਣਾ ਕੇ ਸਪਸ਼ਟ ਸੰਕੇਤ ਦਿੰਤਾ ਹੈ ਕਿ ਉਹ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਤੋਂ ਮੌਜੂਦਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਅਤੇ ਸੰਘੀ ਢਾਂਚੇ ਨੂੰ ਖੋਰਾ ਲਾਉਣ ਦੇ ਕਿਸੇ ਵੀ ਯਤਨ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸੂਬੇ ਨੂੰ ਕੇਂਦਰ ਦੇ ਅਧੀਨ ਲਿਆਉਣ ਦੇ ਕਿਸੇ ਵੀ ਯਤਨ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਤਸਵੀਰਾਂ ਖਿਚਵਾਉਣ ਨਾਲੋਂ ਸਿੱਧੇ ਹੋ ਕੇ ਕੰਮ ਕਰਨ। ਉਹਨਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੂੰ ਇਕ ਕਾਰਜਕਾਰੀ ਹੁਕਮ ਪਾਸ ਕਰਨਾ ਚਾਹੀਦਾ ਸੀ ਕਿ ਸੂਬਾ ਪ੍ਰਸ਼ਾਸਨ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਬਾਅਦ ਦੇ ਖੇਤਰ ਵਿਚ ਕਿਸੇ ਵੀ ਤਰੀਕੇ ਬੀ ਐਸ ਐਫ ਦਾ ਪੁਲਿਸ ਦੇ ਕੰਮਕਾਜ ਵਿਚ ਦਖਲ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਇਹ ਸਖ਼ਤ ਫੈਸਲੇ ਲੈਣ ਦਾ ਸਮਾਂ ਹੈ। ਉਹਨਾਂ ਕਿਹਾ ਕਿ ਸੂਬਾ ਵਿਧਾਨ ਸਭਾ ਵਿਚ ਮਤੇ ਪਾਸ ਕਰਨ ਨਾਲ ਇਹ ਸੰਕਟ ਹੱਲ ਹੋਣ ਵਾਲਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਅਕਾਲੀ ਦਲ ਦੇ ਪ੍ਰਧਾਨ ਨੇ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਅਤੇ ਕੇਂਦਰ ਦਾ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ ’ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਨੇ ਪ੍ਰਸਿੱਧ ਐਨ ਆਰ ਆਈ ਦਰਸ਼ਨ ਸਿੰਘ ਧਾਲੀਵਾਲ, ਜਿਹਨਾਂ ਨੂੰ ਭਾਰਤ ਵਿਚ ਸਿਰਫ ਇਸ ਕਰ ਕੇ ਦਾਖਲਾ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਸੰਘਰਸ਼ ਦੌਰਾਨ ਲੰਗਰ ਲਗਾਇਆ ਸੀ, ਦਾ ਵੀਜ਼ਾ ਰੱਦ ਕਰਨ ਦੀ ਵੀ ਨਿਖੇਧੀ ਕੀਤੀ।
ਸੁਖਬੀਰ ਬਾਦਲ ਨੇ ਸਰਹੱਦੀ ਇਲਾਕੇ ਦੇ ਲੋਕਾਂ ਵੱਲੋਂ ਕੇਂਦਰ ਦੇ ਫੈਸਲੇ ਖਿਲਾਫ ਵਿਖਾਈ ਦ੍ਰਿੜ੍ਹ ਸੰਕਲਪ ਦਾ ਵੀ ਸ਼ਲਾਘਾ ਕੀਤੀ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਵੀ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਰੇ ਮਾਮਲੇ ਦਾ ਨੋਟਿਸ ਲਿਆ। ਮਜੀਠੀਆ ਨੇ ਕਿਹਾ ਕਿ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬੀ ਐਸ ਐਫ ਨੂੰ ਸਿਰਫ ਸਰਹੱਦਾਂ ਦੀ ਰਾਖੀ ਦੀ ਜ਼ਿੰਮੇਵਾਰੀ ਤੱਕ ਸੀਮਤ ਰਹਿਣਾ ਚਾਹੀਦਾ ਹੈ ਅਤੇ ਇਸ ਸਰਹੱਦੀ ਬਲ ਨੁੰ ਅੰਦਰੂਨੀ ਸੁਰੱਖਿਆ ਵਿਚ ਦਖਲ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਹਨਾ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਨਾਲ ਰਲ ਕੇ ਅਜਿਹਾ ਕੀਤਾ ਹੋਵੇ ਤੇ ਪਹਿਲਾਂ ਵੀ ਸਰਕਾਰ ਸੂਬੇ ਦੀਆਂ ਜੇਲ੍ਹਾਂ ਦੀ ਜ਼ਿੰਮੇਵਾਰੀ ਸੀ ਆਰ ਪੀ ਐਫ ਹਵਾਲੇ ਕਰਨ ਦੀ ਗੱਲ ਕਰਦੀ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ, ਅਨਿਲ ਜੋਸ਼ੀ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਵੀਰ ਸਿੰਘ ਲੋਪੋਕੇ, ਅਰਵਿੰਦਰਪਾਲ ਸਿੰਘ ਪੱਖੋਕੇ, ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਪ੍ਰੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲਉਸਮਾ, ਮਲਕੀਤ ਸਿੰਘ ਏ ਆਰ, ਡਾ. ਦਲਬੀਰ ਸਿੰਘ ਵੇਰਕਾ, ਗੁਰਪ੍ਰੀਤ ਰੰਧਾਵਾ, ਇਕਬਾਲ ਸੰਧੂ, ਤਲਬੀਰ ਗਿੱਲ ਤੇ ਰੋਬਿਨ ਬਰਾੜ ਵੀ ਮੌਜੂਦ ਸਨ।