ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਰੈਲੀ ਕੀਤੀ ਗਈ। ਜਿਸ ਵਿੱਚ ਸੰਬੋਧਨ ਕਰਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਪੰਜਾਬ ਚੋਣਾਂ 2022 ਲਈ ਪਾਰਟੀ ਵੱਲੋਂ ਜੋ ਵੀ ਫਰਜ਼ ਦਿੱਤਾ ਜਾਵੇਗਾ, ਮੈਂ ਉਸ ਨੂੰ ਪੂਰਾ ਕਰਾਂਗਾ। ਪਾਰਟੀ ਲਈ ਸੇਵਾ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਵਾਰ ਤਿੰਨ ਸਰਕਾਰਾਂ ਨਾਲ ਲੜਨਾ ਪਵੇਗਾ, ਕੇਂਦਰ, ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਦਿੱਲੀ ਵਿੱਚ ‘ਆਪ’ ਸਰਕਾਰ।
ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਬਾਦਲ ਤਿੰਨ ਕਾਨੂੰਨਾਂ ਖਿਲਾਫ ਕਿਸਾਨਾਂ ਨਾਲ ਖੜ੍ਹ ਰਹੇ। ਉਹ ਦੋ ਜਣੇ ਹੀ ਸਨ ਜਿਨ੍ਹਾਂ ਨੇ ਸੰਸਦ ਵਿਚ 3 ਕਾਨੂੰਨਾਂ ਖਿਲਾਫ ਵੋਟ ਪਾਈ ਤੇ ਹੋਰ ਕਿਸੇ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਸਮੁੱਚੀ ਲੋਕਾਈ ਨੂੰ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ‘ਤੇ ਲੱਖ-ਲੱਖ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਤੋਂ 100 ਸਾਲ ਪਹਿਲਾਂ ਜ਼ੁਲਮ, ਜਬਰ ਤੇ ਅਤਿਆਚਾਰ ਦੇ ਖਿਲਾਫ ਖਾਲਸਾ ਪੰਥ ਨੇ ਗੁਰਧਾਮਾਂ ਦੀ ਆਜ਼ਾਦੀ ਲਈ ਬਹੁਤ ਵੱਡਾ ਸੰਘਰਸ਼ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੋਵੇਂ ਇਕੱਠੇ ਚੋਣਾਂ ਲੜ ਰਹੇ ਹਨ ਤੇ ਮੈਨੂੰ ਇਸ ਗਠਜੋੜ ਦਾ ਪਹਿਲਾਂ ਵੀ ਤਜਰਬਾ ਹੈ। ਜਦੋਂ ਅਸੀਂ ਕਾਂਸ਼ੀ ਰਾਮ ਜੋ ਬਹੁਜਨ ਸਮਾਜ ਪਾਰਟੀ ਦੇ ਜਨਮਦਾਤਾ ਵੀ ਸਨ, ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਚੱਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਸੀਟਾਂ ਅਕਾਲੀ-ਬਸਪਾ ਦੀ ਪਾਰਟੀ ਜਿੱਤੇਗੀ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਕਿਹਾ ਕਿ ਅਕਾਲੀ ਦਲ ਨੇ ਗਰੀਬਾਂ ਵਾਸਤੇ ਆਟਾ ਦਾਲ ਸਕੀਮ, ਪੈਨਸ਼ਨ ਸਕੀਮ ਤੇ ਹੋਰ ਕਈ ਸਕੀਮਾਂ ਚਲਾਈਆਂ। ਰੈਲੀ ਵਿੱਚ ਸ਼ਾਮਲ ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਸੁੱਚਾ ਸਿੰਘ ਛੋਟੇਪੁਰ ਵਰਗੇ ਆਗੂਆਂ ਨੇ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਪੰਜਾਬ ਲਈ ਇੱਕੋ ਪਾਰਟੀ ਨੂੰ ਦਰਦ ਅਤੇ ਲਗਾਅ ਹੈ ਅਤੇ ਇਹ ਸ਼੍ਰੋਮਣੀ ਅਕਾਲੀ ਦਲ ਹੈ।