ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਵੇਂ ਜੱਜਾਂ ਦੀ ਨਿਯੁਕਤੀ ਵਿੱਚ ਇੱਕ ਵੀ ਸਿੱਖ ਨਾ ਹੋਣ ‘ਤੇ ਸਵਾਲ ਉਠਾਇਆ ਹੈ। ਹਾਈ ਕੋਰਟ ਵਿੱਚ 11 ਨਵੇਂ ਜੱਜ ਨਿਯੁਕਤ ਕੀਤੇ ਗਏ ਹਨ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਨਿਯੁਕਤੀ ਪੱਤਰ ‘ਤੇ ਬੋਲਦਿਆਂ ਕਿਹਾ ਕਿ 11 ਜੱਜਾਂ ਵਿੱਚੋਂ ਇੱਕ ਵੀ ਸਿੱਖ ਜੱਜ ਨਹੀਂ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ 80 ਫੀਸਦੀ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਆਜ਼ਾਦੀ ਦਿਹਾੜੇ ‘ਤੇ ਕਿਹੋ ਜਿਹਾ ਤੋਹਫ਼ਾ ਦਿੱਤਾ ਗਿਆ ਹੈ?
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਿਆਦਾਤਰ ਕੇਸ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਇਸ ਦੇ ਬਾਵਜੂਦ ਅਜਿਹਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੈਰ-ਸਿੱਖ ਜੱਜਾਂ ਦੀ ਨਿਯੁਕਤੀ ਨਾਲ ਸਿੱਖਾਂ ਨੂੰ ਹੀ ਨੁਕਸਾਨ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਵਿੱਚ ਦਖ਼ਲ ਦੇ ਕੇ ਇਸ ਬੇਇਨਸਾਫ਼ੀ ਨੂੰ ਵਾਪਸ ਲੈਣਾ ਚਾਹੀਦਾ ਹੈ।
ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 11 ਜੱਜ ਨਿਯੁਕਤ ਕੀਤੇ ਗਏ ਸਨ। ਇਨ੍ਹਾਂ ਵਿੱਚ ਨਿਧੀ ਗੁਪਤਾ, ਸੰਜੇ ਵਸ਼ਿਸ਼ਟ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੂਜਾ, ਅਮਨ ਚੌਧਰੀ, ਨਰੇਸ਼ ਸਿੰਘ, ਹਰਸ਼, ਜਗਮੋਹਨ ਬਾਂਸਲ, ਦੀਪਕ ਮਨਚੰਦਾ ਅਤੇ ਆਲੋਕ ਜੈਨ ਸ਼ਾਮਲ ਹਨ।
ਇਸ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਸੁਪਰੀਮ ਕੋਰਟ ਵਿੱਚ ਸਿੱਖ ਜੱਜ ਨਾ ਹੋਣ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਇਹ ਗੱਲ ਲੋਕ ਸਭਾ ਵਿੱਚ ਉਠਾਈ ਸੀ। ਹਾਲਾਂਕਿ ਇਸ ‘ਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕਿਹਾ ਸੀ ਕਿ ਜੱਜਾਂ ਦੀ ਨਿਯੁਕਤੀ ‘ਚ ਧਰਮ ਦੇ ਆਧਾਰ ‘ਤੇ ਕੋਈ ਰਾਖਵਾਂਕਰਨ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: