ਰਾਜਸਥਾਨ ‘ਚ ਚੱਲ ਰਹੀ ਸਿਆਸੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਪ੍ਰਭਾਵ ਨਾਲ ਰਾਜਸਥਾਨ ਦਾ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਅਜੇ ਮਾਕਨ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਇਹ ਫੈਸਲਾ ਲਿਆ।
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਚਿਨ ਪਾਇਲਟ ਨੇ ਟਵੀਟ ਕਰਕੇ ਰੰਧਾਵਾ ਨੂੰ ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੱਤੀ ਹੈ।
ਪੰਜਾਬ ਦੇ ਕਾਂਗਰਸੀ ਆਗੂ ਰੰਧਾਵਾ ਨੇ 2002 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ। 2012 ਵਿੱਚ ਰੰਧਾਵਾ ਨੇ ਅਕਾਲੀ ਦਲ ਦੇ ਨਿਰਮਲ ਸਿੰਘ ਕਾਹਲੋਂ ਨੂੰ ਹਰਾਇਆ ਸੀ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਬਣੇ। 2017 ਅਤੇ 2022 ਵਿੱਚ ਵੀ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਬਣੇ ਸਨ।
ਏਆਈਸੀਸੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਗੁਜਰਾਤ ਕਾਂਗਰਸ ਆਗੂ ਸ਼ਕਤੀ ਸਿੰਘ ਗੋਹਿਲ ਨੂੰ ਹਰਿਆਣਾ ਦਾ ਇੰਚਾਰਜ ਬਣਾਇਆ ਗਿਆ ਹੈ। ਜਦਕਿ ਕੁਮਾਰੀ ਸ਼ੈਲਜਾ ਨੂੰ ਛੱਤੀਸਗੜ੍ਹ ਦੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਦੇ ਇੰਚਾਰਜ ਵਿਵੇਕ ਬਾਂਸਲ ‘ਤੇ ਰਾਜ ਸਭਾ ਚੋਣਾਂ ਵਿੱਚ ਕ੍ਰਾਸ ਵੋਟਿੰਗ ਦੇ ਮਾਮਲੇ ‘ਚ ਗਾਜ਼ ਡਿੱਗੀ ਹੈ। ਦੱਸ ਦਈਏ ਕਿ ਕੁਲਦੀਪ ਬਿਸ਼ਨੋਈ ਅਤੇ ਇਕ ਹੋਰ ਕਾਂਗਰਸੀ ਵਿਧਾਇਕ ਦੀ ਕਰਾਸ ਵੋਟਿੰਗ ਕਾਰਨ ਅਜੇ ਮਾਕਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਨਸ਼ੇ ਨੇ ਡੋਬ ‘ਤੀ ਜਵਾਨੀ, ਅੰਮ੍ਰਿਤਸਰ ‘ਚ ਗਲੀ ‘ਚ ਖੜ੍ਹੋ ਕੇ ਨਸ਼ਾ ਖਰੀਦਿਆਂ ਦੀ ਵੀਡੀਓ ਵਾਇਰਲ
ਰਾਜਸਥਾਨ ‘ਚ ਗਹਿਲੋਤ-ਪਾਇਲਟ ਵਿਵਾਦ ਕਾਰਨ ਸੂਬਾ ਇੰਚਾਰਜ ਅਜੇ ਮਾਕਨ ਨੇ ਅਸਤੀਫਾ ਦੇ ਦਿੱਤਾ ਹੈ। ਗਹਿਲੋਤ ਧੜਾ ਮਾਕਨ ਤੋਂ ਨਾਰਾਜ਼ ਚੱਲ ਰਿਹਾ ਸੀ। ਅਜੇ ਮਾਕਨ ਨੇ ਮੱਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਅਹੁਦੇ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਸੀ। ਅਜੇ ਮਾਕਨ ਨੇ 25 ਸਤੰਬਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਦਾ ਬਾਈਕਾਟ ਕਰਨ ਲਈ ਗਹਿਲੋਤ ਧੜੇ ਦੇ ਵਿਧਾਇਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪਰ ਪਾਰਟੀ ਹਾਈਕਮਾਨ ਨੇ ਉਨ੍ਹਾਂ ਦੀ ਮੰਗ ਨੂੰ ਟਾਲ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਮਾਕਨ ਇਸ ਤੋਂ ਨਾਰਾਜ਼ ਚੱਲ ਰਹੇ ਸਨ।
ਦੱਸ ਦੇਈਏ ਕਿ ਸਾਲ 2020 ਵਿੱਚ ਪਾਇਲਟ ਦੀ ਬਗਾਵਤ ਵੇਲੇ ਤਤਕਾਲੀ ਸੂਬਾ ਇੰਚਾਰਜ ਅਵਿਨਾਸ਼ ਪਾਂਡੇ ਨੂੰ ਹਟਾ ਦਿੱਤਾ ਗਿਆ ਸੀ। ਪਾਇਲਟ ਧੜੇ ਦੇ ਵਿਧਾਇਕਾਂ ਨੇ ਪਾਂਡੇ ‘ਤੇ ਦੋਸ਼ ਲਾਏ ਸਨ।
ਵੀਡੀਓ ਲਈ ਕਲਿੱਕ ਕਰੋ -: