ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ। ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦੇ ਨਾਲ-ਨਾਲ ਸੁਨੀਲ ਜਾਖੜ ਦੀ ਭੂਮਿਕਾ ਬਾਰੇ ਦੋਵਾਂ ਨੇਤਾਵਾਂ ਦਰਮਿਆਨ ਕਰੀਬ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਖੜ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਅਹਿਮ ਜ਼ਿੰਮੇਵਾਰੀ ਮਿਲਣ ਵਾਲੀ ਹੈ। ਜਾਖੜ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਉਹ ਦਿੱਲੀ ਦੀ ਬਜਾਏ ਪੰਜਾਬ ਵਿੱਚ ਕੰਮ ਕਰਨਾ ਚਾਹੁੰਦੇ ਹਨ। ਸੂਤਰਾਂ ਅਨੁਸਾਰ ਜਾਖੜ ਨੂੰ ਟਿਕਟ ਵੰਡ ਕਮੇਟੀ ਦਾ ਚੇਅਰਮੈਨ ਜਾਂ ਮੈਂਬਰ ਬਣਾਇਆ ਜਾ ਸਕਦਾ ਹੈ।
ਦੂਜੇ ਪਾਸੇ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਮੁੜ ਤੋਂ ਸੀਐਮ ਚਰਨਜੀਤ ਚੰਨੀ ਨੂੰ ਦਿੱਲੀ ਬੁਲਾਇਆ ਹੈ। ਉਹ ਦੇਰ ਰਾਤ ਤੱਕ ਬੈਠਕ ਤੋਂ ਬਾਅਦ ਪੰਜਾਬ ਪਰਤੇ ਸਨ, ਜਿਸ ਵਿੱਚ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਸੀ।
ਰਾਹੁਲ ਨਾਲ ਮੀਟਿੰਗ ਲਈ ਹੈਲੀਕਾਪਟਰ ਰਾਹੀਂ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਦੇ ਨਾਲ ਹੀ ਜਾ ਰਹੇ ਹਨ ਅਤੇ ਇਹ ਵੀ ਪਤਾ ਲੱਗਾ ਹੈ ਕਿ ਓਪੀ ਸੋਨੀ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੇ ਹਨ
ਹੁਣ ਉਨ੍ਹਾਂ ਦੀ ਮੁਲਾਕਾਤ ਲਗਭਗ ਸਾਢੇ ਚਾਰ ਵਜੇ ਤੱਕ ਹੋ ਸਕਦੀ ਹੈ। ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਤੋਂ ਬਾਅਦ ਮੰਤਰੀਆਂ ਦੇ ਨਾਵਾਂ ਬਾਰੇ ਐਲਾਨਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਨਾਵਾਂ ਦਾ ਨਵੇਂ ਸਿਰਿਓਂ ਮੰਥਨ ਕੀਤਾ ਜਾ ਸਕਦਾ ਹੈ। ਖਾਸ ਕਰਕੇ ਮੰਤਰੀਆਂ ਦੀ ਸੂਚੀ ਦੇ ਸੰਬੰਧ ਵਿੱਚ ਰਾਹੁਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੁਨੀਲ ਜਾਖੜ ਨਾਲ ਵੀ ਚਰਚਾ ਕੀਤੀ ਹੈ। ਇਸ ਤੋਂ ਬਾਅਦ ਅੰਤਮ ਸੂਚੀ ਵਿੱਚ ਚੰਨੀ ਦੀ ਸਹਿਮਤੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਕੀ ਕੈਪਟਨ ਅਮਰਿੰਦਰ ਸਿੰਘ 2022 ਵਿੱਚ ਕਾਂਗਰਸ ਲਈ ਬਣ ਸਕਦੇ ਨੇ ਸਿਰਦਰਦ ? ਇਸ ਰਣਨੀਤੀ ਨਾਲ ਪਾਰਟੀ ਹੋ ਗਈ ਚੌਕਸ
ਸੂਤਰਾਂ ਮੁਤਾਬਕ ਕੈਬਨਿਟ ਤੋਂ ਕੁਝ ਮੰਤਰੀਆਂ ਦੀ ਛੁੱਟੀ ਹੋਣਾ ਤੈਅ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ ਮੰਤਰੀ ਬਲਵੀਪ ਸਿੱਧੂ, ਪੋਸਟਮੈਟ੍ਰਿਕ ਘਪਲੇ ਵਿੱਚ ਘਿਰੇ ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਕਾਂਗੜ, ਸ਼ਾਮ ਸੁੰਦਰ ਅਰੋੜਾ, ਅਰੁਣਾ ਚੌਧਰੀ ਅਤੇ ਰਾਣਾ ਗੁਰਮੀਤ ਸੋਢੀ, ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਬਗਾਵਤ ਤੋਂ ਬਾਅਦ ਰਾਣਾ ਸੋਢੀ ਨੇ ਹੀ ਆਪਣੇ ਘਰ ਵਿੱਚ ਡਿਨਰ ਰੱਖ ਕੇ ਕੈਪਟਨ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ।