ਅੰਮ੍ਰਿਤਸਰ ਵਿੱਚ ਟਿਫਿਨ ਬੰਬ ਬਰਾਮਦ ਹੋਣ ਤੋਂ ਬਾਅਦ ਫੈਲੀ ਦਹਿਸ਼ਤ ਦੇ ਵਿਚਕਾ, ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਤੋਂ ਇੱਕ ਸ਼ੱਕੀ ਬੈਗ ਮਿਲਿਆ ਹੈ। ਬੈਗ ਬੋਰੀਆਂ ਦੇ ਢੇਰ ਹੇਠ ਦੱਬਿਆ ਹੋਇਆ ਸੀ। ਮਿਲਟਰੀ ਰੰਗ ਦੇ ਬੈਗ ਦੇ ਅੰਦਰੋਂ ਰੇਡੀਓ ਵਰਗੀ ਚੀਜ਼ ਮਿਲੀ ਹੈ, ਜਿਸਦੀ ਜਾਂਚ ਬੰਬ ਨਿਰੋਧਕ ਦਸਤੇ ਵੱਲੋਂ ਕਰਵਾਈ ਗਈ।
ਉਥੇ ਹੀ ਹਾਲਾਤ ਨੂੰ ਦੇਖਦੇ ਹੋਏ ਰੇਲਵੇ ਸਟੇਸ਼ਨ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੌਕੇ ‘ਤੇ 300 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਫਿਲਹਾਲ ਮੁਢਲੀ ਜਾਂਚ ਤੋਂ ਬਾਅਦ ਹੁਣ ਰੇਲਵੇ ਸਟੇਸ਼ਨ ਨੂੰ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਜੀਆਰਪੀ ਦੇ ਐਸਪੀ ਪ੍ਰਦੀਪ ਕਾਂਡਾ ਨੇ ਦੱਸਿਆ ਕਿ ਵੀਰਵਾਰ ਨੂੰ ਪੁਲਿਸ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਆਪਣੀ ਮੌਕ ਡ੍ਰਿਲ ਕਰ ਰਹੀ ਸੀ। ਇਸ ਦੌਰਾਨ, ਬੈਗ ਬੋਰੀਆਂ ਦੇ ਢੇਰ ਦੇ ਹੇਠਾਂ ਦੇਖਿਆ ਗਿਆ। ਇਸ ਸ਼ੱਕੀ ਬੈਗ ਨੂੰ ਦੇਖਦੇ ਹੋਏ ਚਾਰੇ ਪਾਸੇ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਤੋਂ ਬਾਅਦ ਰੇਲਵੇ ਸਟੇਸ਼ਨ ਤੋਂ ਉਸ ਦਾ ਐਲਾਨ ਕੀਤਾ ਗਿਆ। ਇਸ ਦੇ ਬਾਵਜੂਦ ਕੋਈ ਵੀ ਬੈਗ ਲੈਣ ਨਹੀਂ ਆਇਆ।
ਜਿਸਦੇ ਤੁਰੰਤ ਬਾਅਦ ਪੁਲਿਸ ਅਤੇ ਸੀਆਰਪੀਐਫ ਨਾਲ ਵੀ ਸੰਪਰਕ ਕੀਤਾ ਗਿਆ। ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਜਾਂਚ ਵਿੱਚ ਬੈਗ ਦੇ ਅੰਦਰ ਸਿਰਫ ਰੇਡੀਓ ਅਤੇ ਕੱਪੜੇ ਮਿਲੇ ਹਨ, ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਦੋਂ ਇਹ ਬੈਗ ਬਰਾਮਦ ਹੋਇਆ ਤਾਂ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ’ ਚ ਲੋਕ ਮੌਜੂਦ ਸਨ। ਖਤਰੇ ਨੂੰ ਦੇਖਦੇ ਹੋਏ ਤੁਰੰਤ ਪੁਲਿਸ, ਕਮਾਂਡੋਜ਼ ਦੇ ਨਾਲ ਰਾਖਵੀਂ ਟੁਕੜੀ ਨੂੰ ਵੀ ਬੁਲਾਇਆ ਗਿਆ। ਸਟੇਸ਼ਨ ਚਾਰੇ ਪਾਸਿਓਂ ਘਿਰਿਆ ਹੋਇਆ ਸੀ। ਲੋਕਾਂ ਨੂੰ ਇੱਕ ਪਾਸੇ ਭੇਜ ਦਿੱਤਾ ਗਿਆ। ਦੋ ਐਂਬੂਲੈਂਸਾਂ ਅਤੇ ਤਿੰਨ ਫਾਇਰ ਬ੍ਰਿਗੇਡਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਸਕਣ।
ਇਹ ਵੀ ਪੜ੍ਹੋ : ਕੁੱਤੇ ਨੂੰ ਘਰ ਦੇ ਬਾਹਰ ਗੰਦ ਕਰਨ ਤੋਂ ਰੋਕਣਾ ਵੀ ਹੋ ਗਿਆ ਗੁਨਾਹ- ਕੁੱਤੇ ਦੇ ਮਾਲਿਕ ਨੇ ਘੜੀਸ-ਘੜੀਸ ਕੁੱਟਿਆ ਔਰਤ ਨੂੰ
ਜੀਆਰਪੀ ਦੇ ਨਾਲ -ਨਾਲ, ਕਮਿਸ਼ਨਰੇਟ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਜੇ ਕੋਈ ਅਜਿਹਾ ਬੈਗ ਰਖਦਾ ਦਿਖਾਈ ਦੇਵੇ, ਤਾਂ ਇਸਦਾ ਪਤਾ ਲਗਾਇਆ ਜਾ ਸਕੇ ਤੇ ਉਸਨੂੰ ਫੜ ਕੇ ਪੁੱਛਿਆ ਜਾ ਸਕਦਾ ਹੈ ਕਿ ਬੈਗ ਇੱਥੇ ਕਿਉਂ ਰੱਖਿਆ ਗਿਆ ਸੀ।
ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਵਿਸਫੋਟਕ ਸਮਗਰੀ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਵੱਲੋਂ ਜਲੰਧਰ ਵਿੱਚ ਰੈੱਡ ਅਲਰਟ ਘੋਸ਼ਿਤ ਕੀਤਾ ਗਿਆ ਹੈ। ਖਾਸ ਕਰਕੇ, 15 ਅਗਸਤ ਨੂੰ ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ, ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।