ਅਫ਼ਗ਼ਾਨਿਸਤਾਨ ‘ਚ ਅਮਰੀਕੀ ਫ਼ੌਜਾਂ ਵਾਪਸ ਜਾਣ ਤੋਂ ਬਾਅਦ ਤਾਲਿਬਾਨੀਆਂ ਨੇ ਮੁੜ ਤੋਂ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ ਹਨ। ਖਾਸ ਤੌਰ ‘ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਬੀਤੇ ਦਿਨੀਂ ਘੱਟਗਿਣਤੀਆਂ ਦੇ ਧਾਰਮਿਕ ਸਥਾਨ ਮੰਦਿਰ ਗੁਰਦੁਆਰੇ ਵੀ ਤਾਲਿਬਾਨੀਆਂ ਦੇ ਨਿਸ਼ਾਨੇ ‘ਤੇ ਹਨ। ਅਫਗਾਨਿਸਤਾਨ ਵਿਚ ਰਹਿਣ ਵਾਲੇ ਹਿੰਦੂ ਸਿੱਖ ਪਰਿਵਾਰ ਮੰਦਰ ਜਾਂ ਗੁਰਦੁਆਰੇ ਵਿਚ ਰਹਿਣ ਲਈ ਮਜਬੂਰ ਹੋ ਰਹੇ ਹਨ ਅਤੇ ਜੋ ਪਰਿਵਾਰ ਪਹਿਲਾਂ ਹੀ ਅਫ਼ਗਾਨਿਸਤਾਨ ਛੱਡ ਕਈ ਸਾਲ ਪਹਿਲਾਂ ਭਾਰਤ ਆਏ ਸਨ ਉਹ ਵੀ ਕੋਈ ਬਹੁਤੇ ਚੰਗੇ ਹਾਲਾਤਾਂ ‘ਚ ਨਹੀਂ ਹਨ।
ਹਾਲਾਂਕਿ ਉਨ੍ਹਾਂ ਨੂੰ ਸਰਕਾਰ ਨੇ ਭਾਰਤੀ ਨਾਗਰਿਕਤਾ ਤਾਂ ਜ਼ਰੂਰ ਦੇ ਦਿੱਤੀ ਹੈ ਪਰ ਹਾਲੇ ਵੀ ਕਈ ਸਹੂਲਤਾਂ ਤੋਂ ਵਾਂਝੇ ਹਨ। ਖਾਸ ਕਰਕੇ ਉਨ੍ਹਾਂ ਦੇ ਆਧਾਰ ਕਾਰਡ ਨਾ ਬਣਨ ਕਰਕੇ ਉਨ੍ਹਾਂ ਦੇ ਬੱਚੇ ਸਕੂਲ ਜਾਣ ਤੋਂ ਵੀ ਵਾਂਝੇ ਹਨ। ਉੱਥੇ ਹੀ ਦੂਜੇ ਪਾਸੇ ਨਾ ਤਾਂ ਇਨ੍ਹਾਂ ਦੇ ਨੀਲੇ ਕਾਰਡ ਹਨ ਅਤੇ ਨਾ ਹੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਇਨ੍ਹਾਂ ਤੱਕ ਪਹੁੰਚ ਰਹੀ ਹੈ।
ਲੁਧਿਆਣਾ ‘ਚ ਰਹਿ ਰਹੇ ਅਫ਼ਗ਼ਾਨਿਸਤਾਨ ਤੋਂ ਪਰਤੇ ਸਿੱਖ ਪਰਿਵਾਰਾਂ ਨੇ ਦੱਸਿਆ ਕਿ 2012 ਦੇ ‘ਚ ਉਹ ਅਫਗਾਨਿਸਤਾਨ ਤੋਂ ਕਾਬੁਲ ਪਰਤ ਆਏ ਸਨ ਅਤੇ ਹੁਣ ਉਥੇ ਹਾਲਾਤ ਹੋਰ ਵੀ ਖਰਾਬ ਹੋਏ ਹਨ ਕਿਉਂਕਿ ਤਾਲਿਬਾਨੀਆਂ ਵੱਲੋਂ ਘੱਟ ਗਿਣਤੀਆਂ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਬੀਤੇ ਮਹੀਨਿਆਂ ਦੌਰਾਨ ਗੁਰਦੁਆਰਾ ਸਾਹਿਬਾਨਾਂ ‘ਤੇ ਹਮਲੇ ਹੋਏ ਹਨ ਜਿਸ ਵਿੱਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਖੋ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਹਾਲੇ ਵੀ ਅਫਗਾਨਿਸਤਾਨ ‘ਚ ਫਸੇ ਹੋਏ ਹਨ ਅਤੇ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵੀ ਸੁਰੱਖਿਅਤ ਭਾਰਤ ਬੁਲਾ ਕੇ ਇੱਥੋਂ ਦੀ ਨਾਗਰਿਕਤਾ ਦਿੱਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਨਾ ਹਾਲਾਤ ਉੱਥੇ ਸਹੀ ਸਨ ਅਤੇ ਨਾ ਹੀ ਭਾਰਤ ਵਿੱਚ ਬਹੁਤੇ ਚੰਗੇ ਹਨ ਕਿਉਂਕਿ ਇੱਥੇ ਵੀ ਉਹ ਕੋਈ ਬਹੁਤੇ ਸੁਖੀ ਨਹੀਂ ਹਨ। ਉਨ੍ਹਾਂ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਨਾ ਤਾਂ ਉਨ੍ਹਾਂ ਦੇ ਆਧਾਰ ਕਾਰਡ ਨੇ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕੋਈ ਸਹੂਲਤਾਂ ਮਿਲਦੀਆਂ ਨੇ ਬੱਚੇ ਪੜ੍ਹ ਨਹੀਂ ਪਾਉਂਦੇ ਅਤੇ ਰੇਹੜੀਆਂ ਫੜ੍ਹੀਆਂ ਲਾ ਕੇ ਜਾਂ ਰਿਕਸ਼ਾ ਚਲਾ ਕੇ ਆਪਣੇ ਗੁਜ਼ਾਰੇ ਕਰਦੇ ਹਨ।
ਉਧਰ ਇਨ੍ਹਾਂ ਦੇ ਬੱਚਿਆਂ ਨੇ ਮਾਯੂਸੀ ਨਾਲ ਕਿਹਾ ਕਿ ਬੱਚੇ ਸਕੂਲ ਜਾਂਦੇ ਹਨ ਆਨਲਾਈਨ ਕਲਾਸਾਂ ਲਾਉਂਦੇ ਹਨ ਪਰ ਉਹ ਸਕੂਲ ਜਾਣ ਤੋਂ ਵੀ ਵਾਂਝੇ ਹਨ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪਰੂਫ ਮੰਗੇ ਜਾਂਦੇ ਹਨ ਜੋ ਉਨ੍ਹਾਂ ਕੋਲ ਨਹੀਂ ਹਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮੋਟੀਆਂ ਫੀਸਾਂ ਮੰਗੀਆਂ ਜਾਂਦੀਆਂ ਹਨ ਜੋ ਉਹ ਅਦਾ ਨਹੀਂ ਕਰ ਸਕਦੇ ਇਸ ਕਰਕੇ ਉਹ ਪੂਰੀ ਤਰ੍ਹਾਂ ਫਸ ਚੁੱਕੇ ਨੇ। ਉਨ੍ਹਾਂ ਨੇ ਅਪੀਲ ਕੀਤੀ ਕਿ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਨਾ ਸਿਰਫ਼ ਉਨ੍ਹਾਂ ਦੀ ਮਦਦ ਕਰੇ ਸਗੋਂ ਅਫ਼ਗਾਨਿਸਤਾਨ ਰਹਿ ਰਹੇ ਸਿੱਖਾਂ ਵੱਲ ਵੀ ਧਿਆਨ ਦੇਵੇ ਅਤੇ ਉਥੋਂ ਦੀ ਸਰਕਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇ।