ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਪਲਾਸਟਿਕ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਥੇ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਇਸ ਦੌਰਾਨ 3 ਔਰਤਾਂ ਸਮੇਤ 4 ਲੋਕ ਝੁਲਸ ਗਏ, ਜਿਨ੍ਹਾਂ ਨੂੰ GMCH 32 ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਇੱਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਬਾਕੀ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦਰਅਸਲ, ਅੱਗ ਗੋਦਾਮ ਦੀ ਬੇਸਮੈਂਟ ਵਿੱਚ ਲੱਗੀ ਸੀ। ਜੋ ਹੌਲੀ-ਹੌਲੀ ਵੱਧ ਰਿਹਾ ਸੀ ਅਤੇ ਜ਼ੋਰਦਾਰ ਧੂੰਆਂ ਚਾਰੇ ਪਾਸੇ ਫੈਲ ਰਿਹਾ ਸੀ। ਤੇਜ਼ ਧੂੰਏਂ ਨੇ ਲੋਕਾਂ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀ ਟੀਮ ਦੀ ਮੁਸੀਬਤ ਵਧਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਗ ਅਤੇ ਤੇਜ਼ ਧੂੰਏਂ ਕਾਰਨ ਮੌਕੇ ‘ਤੇ ਮੌਜੂਦ 4 ਲੋਕ ਬੇਹੋਸ਼ ਹੋ ਗਏ ਸਨ। ਜਿਨ੍ਹਾਂ ਨੂੰ ਬਚਾਇਆ ਗਿਆ। ਬਾਅਦ ਵਿੱਚ ਪੀਸੀਆਰ ਗੱਡੀ ਰਾਹੀਂ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਇੰਡੀਗੋ ਫਲਾਈਟ ‘ਚ ਕਾਰਗਿਲ ਵਾਰ ਦੇ ਹੀਰੋ ਦਾ ਸਨਮਾਨ, ਪਾਇਲਟ ਦੀ ਅਨਾਊਂਸਮੈਂਟ ਨੇ ਜਿੱਤਿਆ ਦਿਲ
ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ 2 ਘੰਟੇ ‘ਚ ਇਸ ‘ਤੇ ਕਾਬੂ ਪਾਇਆ। ਮੌਕੇ ਦੀ ਸਥਿਤੀ ਨੂੰ ਦੇਖਦਿਆਂ ਪੁਲਿਸ ਨੇ ਗੋਦਾਮ ਦੇ ਬਾਹਰ ਵਾਲਾ ਰਸਤਾ ਬੰਦ ਕਰਵਾ ਦਿੱਤਾ। ਪੁਲਿਸ ਅਧਿਕਾਰੀ ਅਜੇ ਵੀ ਮੌਕੇ ‘ਤੇ ਮੌਜੂਦ ਹਨ। ਜ਼ਖਮੀਆਂ ਦੀ ਸੂਚਨਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: