ਕਈ ਵਿਵਾਦਾਂ ਵਿੱਚ ਘਿਰੀ ਅਸਾਮ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ ਦੀ ਮੰਗਲਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਨਾਗਾਓਂ ਜ਼ਿਲੇ ‘ਚ ਕਾਲੀਆਬੋਰ ਉਪ ਮੰਡਲ ਦੇ ਜਾਖਲਾਬੰਦਾ ਥਾਣਾ ਖੇਤਰ ਦੇ ਅਧੀਨ ਸਰਭੁਗੀਆ ਪਿੰਡ ‘ਚ ਮਹਿਲਾ ਪੁਲਿਸ ਅਧਿਕਾਰੀ ਦੀ ਕਾਰ ਇਕ ਕੰਟੇਨਰ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਵੇਲੇ ਉਹ ਆਪਣੀ ਨਿੱਜੀ ਕਾਰ ਵਿੱਚ ਸੀ ਅਤੇ ਉਸ ਨੇ ਪੁਲਿਸ ਦੀ ਵਰਦੀ ਨਹੀਂ ਪਾਈ ਹੋਈ ਸੀ।
ਜੂਨੋਮਣੀ ਰਾਭਾ, ਇੱਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੀ ਮਹਿਲਾ ਪੁਲਿਸ ਨੂੰ ‘ਲੇਡੀ ਸਿੰਘਮ’ ਜਾਂ ‘ਦਬੰਗ ਕਾਪ’ ਵਜੋਂ ਜਾਣਿਆ ਜਾਂਦਾ ਸੀ। ਉਹ ਮੋਰੀਕੋਲਾਂਗ ਪੁਲਿਸ ਚੌਕੀ ਦੀ ਇੰਚਾਰਜ ਸੀ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਦਮ ਚੁੱਕਦੀ ਸੀ। ਜਾਖਲਾਬੰਦਾ ਥਾਣਾ ਇੰਚਾਰਜ ਪਵਨ ਕਲਿਤਾ ਨੇ ਦੱਸਿਆ, “ਹਾਦਸੇ ਦੀ ਸੂਚਨਾ ਦੇਰ ਰਾਤ ਕਰੀਬ 2.30 ਵਜੇ ਮਿਲੀ, ਜਿਸ ਤੋਂ ਬਾਅਦ ਪੁਲਿਸ ਦੀ ਗਸ਼ਤੀ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਹਸਪਤਾਲ ਲੈ ਗਈ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।”
ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਆ ਰਹੇ ਕੰਟੇਨਰ ਟਰੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਨਗਾਓਂ ਦੀ ਪੁਲਿਸ ਸੁਪਰਡੈਂਟ ਲੀਨਾ ਡੋਲੇ ਨੇ ਸਵੇਰੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਾਲਾਂਕਿ ਪੁਲਿਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਮਹਿਲਾ ਪੁਲਿਸ ਅਧਿਕਾਰੀ ਬਿਨਾਂ ਸੁਰੱਖਿਆ ਅਤੇ ਸਾਦੇ ਕੱਪੜਿਆਂ ‘ਚ ਇਕੱਲੀ ਆਪਣੀ ਨਿੱਜੀ ਕਾਰ ‘ਚ ਉੱਪਰੀ ਅਸਾਮ ਵੱਲ ਕਿਉਂ ਜਾ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਇਸ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : PAK : ਗ੍ਰਿਫ਼ਤਾਰੀ ਦੇ ਡਰੋਂ ਗੱਡੀ ‘ਚੋਂ ਉੱਤਰ ਰਫ਼ੂਚੱਕਰ ਹੋਇਆ ਇਮਰਾਨ ਖ਼ਾਨ ਦਾ ਕਰੀਬੀ ਸਾਬਕਾ ਮੰਤਰੀ
ਪਿਛਲੇ ਸਾਲ ਜੂਨ ਵਿੱਚ ਉਸ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਉਸ ਦੇ ਸਾਬਕਾ ਪ੍ਰੇਮੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਾਜੁਲੀ ਜ਼ਿਲ੍ਹੇ ਦੀ ਇੱਕ ਅਦਾਲਤ ਦੁਆਰਾ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ। ਬਾਅਦ ਵਿੱਚ ਉਸਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਅਤੇ ਉਹ ਦੁਬਾਰਾ ਪੁਲਿਸ ਸੇਵਾ ਵਿੱਚ ਵਾਪਸ ਆ ਗਈ। ਬੀਹਪੁਰੀਆ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਮੀਆ ਕੁਮਾਰ ਭੂਈਆ ਨਾਲ ਉਸ ਦੀ ਟੈਲੀਫੋਨ ਗੱਲਬਾਤ ਲੀਕ ਹੋਣ ਤੋਂ ਬਾਅਦ ਉਹ ਪਿਛਲੇ ਸਾਲ ਜਨਵਰੀ ਵਿੱਚ ਵੀ ਵਿਵਾਦਾਂ ਵਿੱਚ ਆ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: