ਸੋਨੀਪਤ ਜ਼ਿਲੇ ਦੇ ਗਨੌਰ ਵਿਧਾਨ ਸਭਾ ਹਲਕੇ ਦੇ ਬਾਈ ਪਿੰਡ ਦੇ ਨਜ਼ਦੀਕ ਇਕ ਨਿੱਜੀ ਸਕੂਲ ਵਿੱਚ ਵੱਡਾ ਹਾਦਸਾ ਹੋ ਗਿਆ। ਇਥੇ ਜੀਵਨਾਨੰਦ ਪਬਲਿਕ ਸਕੂਲ ਦੀ ਛੱਤ ਢਹਿ ਗਈ ਅਤੇ ਅਚਾਨਕ ਬੱਚਿਆਂ ‘ਤੇ ਡਿੱਗ ਗਈ। ਇਸ ਹਾਦਸੇ ਵਿੱਚ ਦਰਜਨਾਂ ਬੱਚੇ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਗਨੌਰ ਦੇ ਸਿਹਤ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਮੀਂਹ ਕਾਰਨ ਕਲਾਸਰੂਮ ਦੀ ਕੱਚੀ ਛੱਤ ਦੇ ਨੁਕਸਾਨ ਕਾਰਨ ਵਾਪਰਿਆ।
ਕੁਝ ਮਾਪੇ ਆਪਣੇ ਬੱਚਿਆਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਵਿੱਚ ਵੀ ਲੈ ਗਏ ਹਨ। ਫਿਲਹਾਲ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਜਾਂਚ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਸੌਂਪੀ ਗਈ ਹੈ, ਜਾਂਚ ਰਿਪੋਰਟ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ।
ਜਿਸ ਵੇਲੇ ਇਹ ਹਾਦਸਾ ਹੋਇਆ ਤਾਂ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਿਆਆ ਜਾ ਰਿਹਾ ਸੀ। ਇਸ ਵਿੱਚ ਤੀਜੀ ਕਲਾਸ ਦੇ ਬੱਚੇ ਤੇ ਅਧਿਆਪਕਾ ਵੀ ਜ਼ਖਮੀ ਹੋ ਗਈ। ਅਚਾਨਕ ਇਮਾਰਤ ਦੀ ਛੱਤ ਡਿੱਗਣ ਨਾਲ ਸਕੂਲ ਵਿੱਚ ਹਫੜਾ-ਦਫੜੀ ਮਚ ਗਈ। ਕਈ ਬੱਚਿਆਂ ਦੇ ਸਿਰ ਤੋਂ ਵੀ ਖੂਨ ਨਿਕਲ ਰਿਹਾ ਸੀ। ਬੱਚਿਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਜ਼ਿਆਦਾਤਰ ਬੱਚਿਆਂ ਨੂੰ ਇਲਾਜ ਲਈ ਗਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ‘ਚ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਘਟਨਾ ਵਿੱਚ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਖਸਤਾਹਾਲਤ ਕਲਾਸਰੂਮਾਂ ਦੀ ਮੁਰੰਮਤ ਕਰਵਾਏ ਬਗੈਰ ਬੱਚਿਆਂ ਨੂੰ ਉਥੇ ਪੜ੍ਹਾਇਆ ਜਾ ਰਿਹਾ ਸੀ। ਇਸ ਵੇਲੇ ਸਕੂਲ ਪ੍ਰਸ਼ਾਸਨ ਇਸ ਵਿਸ਼ੇ ਬਾਰੇ ਕੁਝ ਨਹੀਂ ਬੋਲ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਗਨੌਰ ਦੇ ਐਸਡੀਐਮ ਸੁਰੇਂਦਰ ਦੁਹਾਨ ਪੁਲਿਸ ਪ੍ਰਸ਼ਾਸ਼ਨ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਸਕੂਲ ਦੀ ਇਮਾਰਤ ਦਾ ਜਾਇਜ਼ਾ ਲਿਆ, ਜਿਸ ਦੌਰਾਨ ਐਸਡੀਐਮ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਬਾਰੇ ਵਿੱਚ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਹਾਲਤ ਇਸ ਸਮੇਂ ਠੀਕ ਹੈ, ਇੱਥੇ ਸਕੂਲ ਦੇ ਦੋ ਕਮਰੇ ਬਹੁਤ ਕਮਜ਼ੋਰ ਹਾਲਤ ਵਿੱਚ ਸਨ ਅਤੇ ਉਨ੍ਹਾਂ ਦੀ ਛੱਤ ਲੋਹੇ ਦੇ ਗਾਡਰ ਤੇ ਪੱਥਰ ਦੀਆਂ ਟੁੱਕੜੀਆਂ ਨਾਲ ਬਣੀ ਹੋਈ ਸੀ ਜੋ ਟੁੱਟ ਕੇ ਹੇਠਾਂ ਡਿੱਗ ਗਈ। ਇਸ ਵਿਸ਼ੇ ਨੂੰ ਲੈ ਕੇ ਛੇਤੀ ਹੀ ਜਾਂਚ ਪੂਰੀ ਕਰਵਾਈ ਜਾਵੇਗੀ।