ਲੁਧਿਆਣਾ : ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਬਦਲਣ ਦੇ ਉਪਰਾਲੇ ਤਹਿਤ, ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਐਤਵਾਰ ਨੂੰ ਬੁੱਢੇ ਨਾਲੇ ਵਿੱਚ ਸਰਹਿੰਦ ਨਹਿਰ ਦੀ ਨੀਲੋਂ ਡਰੇਨ ਰਾਹੀਂ 200 ਕਿਊਸਿਕ ਤਾਜ਼ਾ ਪਾਣੀ ਛੱਡਣ ਦੇ ਕੰਮ ਦੀ ਸ਼ੁਰੂਆਤ ਕਰਨਗੇ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਕੰਮ ਪੰਜਾਬ ਸਰਕਾਰ ਦੇ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਦਰਿਆ ਦੀ ਕਾਇਆ-ਕਲਪ ਪ੍ਰਾਜੈਕਟ ਦਾ ਹਿੱਸਾ ਹੈ ਅਤੇ ਇਹ ਪੂਰਾ ਪ੍ਰਾਜੈਕਟ ਦਸੰਬਰ 2022 ਤੱਕ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਸਾਈਟਾਂ ‘ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋਣ ਨਾਲ ਪੂਰਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨਗਰ ਨਿਗਮ ਦੀ ਹਦੂਦ ਵਿੱਚੋਂ ਲੰਘਦੇ 14 ਕਿਲੋਮੀਟਰ ਲੰਬੇ ਬੁੱਢੇ ਨਾਲੇ ਵਿੱਚ ਘਰੇਲੂ ਪਾਣੀ ਦੇ ਡਿੱਗਣ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਸਿਰਫ ਸ਼ੁੱਦ ਕੀਤਾ ਪਾਣੀ ਹੀ ਦਰਿਆ ਵਿੱਚ ਪਾਇਆ ਜਾਵੇਗਾ।
ਮੰਤਰੀ ਆਸ਼ੂ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਕੁੱਲ ਸਮਰੱਥਾ 285 ਐਮ.ਐਲ.ਡੀ. (ਜਮਾਲਪੁਰ 225 ਐਮ.ਐਲ.ਡੀ. ਅਤੇ ਬਾਲੋਕ 60 ਐਮ.ਐਲ.ਡੀ.) ਦੇ ਘਰੇਲੂ ਪਾਣੀ ਨੂੰ ਸਾਫ ਕਰਨ ਲਈ ਦੋ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਦੀ ਸਥਾਪਨਾ, 418 ਐਮ.ਐਲ.ਡੀ. ਦੀ ਟ੍ਰੀਟਮੈਂਟ ਸਮਰੱਥਾ ਵਾਲੇ ਮੌਜੂਦਾ ਐਸ.ਟੀ.ਪੀ. ਦਾ ਮੁੜ ਵਸੇਬਾ, ਤਾਜਪੁਰ ਅਤੇ ਹੈਬੋਵਾਲ ਦੇ ਦੋ ਡੇਅਰੀ ਕੰਪਲੈਕਸ ਤੋਂ 6 ਐਮ.ਐਲ.ਡੀ. ਗੰਦੇ ਪਾਣੀ ਨੂੰ ਸੁੱਧ ਕਰਨ ਲਈ ਟ੍ਰੀਟਮੈਂਟ ਪਲਾਂਟ (ਈ.ਟੀ.ਪੀ), 10 ਕਿਲੋਮੀਟਰ ਪਾਈਪ ਲਾਈਨ ਵਿਛਾਉਣ ਅਤੇ 10 ਸਾਲਾਂ ਲਈ ਪੂਰੇ ਬੁਨਿਆਦੀ ਢਾਂਚੇ ਦੇ ਸੰਚਾਲਨ ਅਤੇ ਸਾਂਭ-ਸੰਭਾਲ ਸ਼ਾਮਲ ਹਨ।
ਇਹ ਵੀ ਪੜ੍ਹੋ : ਸਾਬਕਾ ਜਥੇਦਾਰ ਜਸਬੀਰ ਰੋਡੇ ਦੇ ਘਰ NIA ਦਾ ਛਾਪਾ- ਪੁੱਤਰ ਗੁਰਮੁਖ ਨੂੰ ਲਿਆ ਹਿਰਾਸਤ ‘ਚ
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮੁਕੰਮਲ ਹੋਣ ਤੋਂ ਬਾਅਦ ਬੁੱਢਾ ਨਾਲਾ ਸਾਫ ਪਾਣੀ ਅਤੇ ਦੋਨੋ ਪਾਸੇ ਦੇ ਸੁੰਦਰ ਕਿਨਾਰਿਆਂ ਨਾਲ ਆਕਰਸ਼ਕ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ।