ਪੰਜਾਬ ਦੇ ਜਲੰਧਰ ‘ਤੋਂ ਇਕ ਵਾਰ ਫਿਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸ਼ਨਪੁਰਾ ਦੇ ਕੋਟ ਕਿਸ਼ਨ ਚੰਦ ਵਿੱਚ ਇੱਕ ਮੋਬਾਈਲ ਦੀ ਦੁਕਾਨ ‘ਤੇ ਚੋਰਾਂ ਨੇ ਆਪਣੇ ਹੱਥ ਸਾਫ਼ ਕਰ ਲਏ। ਦੱਸਿਆ ਜਾ ਰਿਹਾ ਹੈ ਚੋਰ ਦੁਕਾਨ ਦੇ ਪਿਛਲੇ ਪਾਸੇ ਤੋਂ ਪੌੜੀ ਲਗਾ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਦੁਕਾਨ ‘ਚ ਰੱਖਿਆ 4.5 ਲੱਖ ਰੁਪਏ ਦਾ ਮੋਬਾਈਲ ਅਤੇ 2 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।
ਬ੍ਰਦਰ ਟੈਲੀਕਾਮ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਨੂੰ ਚੋਰੀ ਦਾ ਪਤਾ ਸਵੇਰੇ ਦੁਕਾਨ ‘ਤੇ ਆਉਣ ‘ਤੇ ਲੱਗਾ। ਜਿਵੇਂ ਹੀ ਉਸ ਨੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਸਾਹਮਣੇ ਖਾਲੀ ਰੈਕ ਦੇਖ ਕੇ ਉਹ ਹੈਰਾਨ ਰਹਿ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਉੱਪਰ ਵੀ ਇੱਕ ਕਮਰਾ ਹੈ। ਇਸ ਉੱਤੇ ਇੱਕ ਗੇਟ ਹੈ। ਚੋਰ ਪਹਿਲਾਂ ਦੁਕਾਨ ਦੇ ਪਿਛਲੇ ਪਾਸਿਓਂ ਪੌੜੀ ਲਗਾ ਕੇ ਛੱਤ ‘ਤੇ ਆਏ। ਇਸ ਤੋਂ ਬਾਅਦ ਲੋਹੇ ਦਾ ਗੇਟ ਕੱਟ ਕੇ ਦੁਕਾਨ ਦੇ ਅੰਦਰ ਦਾਖਲ ਹੋਏ।
ਵਿਜੇ ਕੁਮਾਰ ਨੇ ਦੱਸਿਆ ਕਿ ਦੁਕਾਨ ਵਿੱਚ ਰੱਖੇ ਨਵੇਂ ਮੋਬਾਈਲ ਫ਼ੋਨ ਇਕੱਠੇ ਕੀਤੇ ਅਤੇ ਫਿਰ ਗੱਲਾ ਤੋੜ ਦਿੱਤਾ। ਉਸ ਵਿੱਚ ਕਰੀਬ ਦੋ ਹਜ਼ਾਰ ਦੀ ਨਕਦੀ ਪਈ ਸੀ, ਚੋਰਾਂ ਨੇ ਉਹ ਵੀ ਨਹੀਂ ਛੱਡਿਆ। ਚੋਰੀ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। CCTV ਫੁਟੇਜ ‘ਚ ਦਿਖਾਈ ਦੇ ਰਿਹਾ ਹੈ ਕਿ ਚੋਰ ਸਵੇਰੇ 4 ਵਜੇ ਦੇ ਕਰੀਬ ਦੁਕਾਨ ‘ਚ ਦਾਖਲ ਹੋਏ। CCTV ਵਿਚ ਦੋ ਚੋਰ ਕੈਦ ਹੋਏ ਹਨ। ਦੋਵੇਂ ਚੋਰਾਂ ਨੇ 7-8 ਮਿੰਟਾਂ ‘ਚ ਦੁਕਾਨ ‘ਚੋਂ ਸਾਰਾ ਸਾਮਾਨ ਇਕੱਠਾ ਕਰ ਲਿਆ ਅਤੇ ਉਥੋਂ ਭੱਜ ਗਏ।
ਇਹ ਵੀ ਪੜ੍ਹੋ : ਬਠਿੰਡਾ ‘ਚ CRPF-ਪੁਲਿਸ ਦਾ ਫਲੈਗ ਮਾਰਚ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚੇਤਾਵਨੀ
ਇਸ ‘ਤੋਂ ਬਾਅਦ ਪੀੜਤ ਦੁਕਾਨਦਾਰ ਨੇ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ CCTV ਫੁਟੇਜ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ CCTV ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: