ਮੋਹਾਲੀ ਪੁਲਿਸ ਨੇ ਟਰਾਈਸਿਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਲੱਖਾਂ ਦੀ ਕੀਮਤ ਵਾਲੀ ਹੈਰੋਇਨ ਦੇ ਨਾਲ ਤਿੰਨ ਲੱਖ ਤੋਂ ਵੱਧ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਦੋਸ਼ੀ ਲਾਰੈਂਸ ਗੈਂਗ ਨਾਲ ਜੁੜੇ ਅਤੇ ਮੂਸੇਵਾਲਾ ਕਤਲਕਾਂਡ ਵਿੱਚ ਫਰਾਰ ਰਜਿੰਦਰ ਉਰਫ ਜੋਕਰ ਨਾਲ ਜੁੜੇ ਹੋਏ ਹਨ।
ਵਿਵੇਕ ਸ਼ੀਲ ਸੋਨੀ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਐਸ.ਏ.ਐਸ.ਨਗਰ ਨੇ ਮੀਡੀਆ ਨੂੰ ਦੱਸਿਆ ਕਿ ਐਸ.ਏ.ਐਸ. ਨਗਰ ਪੁਲਿਸ ਨੂੰ ਟ੍ਰਾਈਸਿਟੀ ਵਿੱਚ ਨਸ਼ਾ ਤਸਕਰਾਂ/ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਇੱਕ ਵੱਡੀ ਸਫਲਤਾ ਮਿਲੀ ਹੈ। ਮੁਹਾਲੀ ਪੁਲਿਸ ਨੇ ਤਿੰਨ ਮੁਲਜ਼ਮਾਂ ਦੇਵਰਾਜ ਸ਼ਰਮਾ ਪੁੱਤਰ ਜੈਮਲ ਰਾਮ, ਬੰਟੀ ਸ਼ਰਮਾ ਪੁੱਤਰ ਦੇਵਰਾਜ ਸ਼ਰਮਾ ਅਤੇ ਗੌਰਵ ਸ਼ਰਮਾ ਉਰਫ ਗੌਰੀ ਪੁੱਤਰ ਦੇਵਰਾਜ ਸ਼ਰਮਾ, ਸਾਰੇ ਰਾਜਾ ਰਾਮ ਕਲੋਨੀ, ਬੜਮਾਜਰਾ, ਥਾਣਾ ਬਲੌਂਗੀ, ਮੋਹਾਲੀ ਦੇ ਰਹਿਣ ਵਾਲੇ ਹਨ, ਨੂੰ ਗ੍ਰਿਫਤਾਰ ਕੀਤਾ ਹੈ।
ਬਿਕਰਮਜੀਤ ਸਿੰਘ ਬਰਾੜ, ਪੀ.ਪੀ.ਐਸ., ਡੀ.ਐਸ.ਪੀ., ਸਬ ਡਵੀਜ਼ਨ, ਖਰੜ, ਐਸ.ਏ.ਐਸ.ਨਗਰ ਪਰਿਵਿੰਕਲ ਗਰੇਵਾਲ, ਐਸ.ਐਚ.ਓ ਬਲੌਂਗੀ ਵੱਲੋਂ ਚਲਾਈ ਗਈ ਵਿਸ਼ੇਸ਼ ਸਰਚ ਆਪ੍ਰੇਸ਼ਨ ਵਿੱਚ ਅੱਜ ਤੜਕੇ ਪਿੰਡ ਬੜਮਾਜਰਾ ਵਿਖੇ ਛਾਪੇਮਾਰੀ ਕਰਕੇ 137 ਗ੍ਰਾਮ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਲੱਖਾਂ ਰੁਪਏ ਕੀਮਤ ਬਣਦੀ ਹੈ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦੇ ਕਬਜ਼ੇ ‘ਚੋਂ 3,07,500 ਰੁ. ਵੀ ਮਿਲੇ ਹਨ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 85, ਮਿਤੀ 02/07/22, ਅਧੀਨ 21,22-61-85 ਐਨ.ਡੀ.ਪੀ.ਐਸ. ਐਕਟ, ਥਾਣਾ ਬਲੌਂਗੀ, ਮੋਹਾਲੀ ਦਰਜ ਕੀਤਾ ਗਿਆ ਹੈ।
SSP ਨੇ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਗੌਰਵ ਅਤੇ ਬੰਟੀ ਨੇ ਖੁਲਾਸਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰਜਿੰਦਰ ਸਿੰਘ ਉਰਫ ਜੋਕਰ ਵਾਸੀ ਭਿਵਾਨੀ ਨਾਲ ਜੁੜੇ ਹੋਏ ਹਨ। ਰਜਿੰਦਰ ਇਸ ਵੇਲੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫਰਾਰ ਹੈ।
ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨੂੰ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਉਕਲਾਨਾ ਮੰਡੀ ਸ਼ਹਿਰ ਵਿੱਚ ਲੌਜਿਸਟਿਕਸ ਅਤੇ ਲੁਕਣ ਲਈ ਥਾਂ ਮੁਹੱਈਆ ਕਰਵਾਈ। ਉਹ ਰਾਜਿੰਦਰ ਸਿੰਘ ਉਰਫ ਜੋਕਰ ਦੇ ਖਿਲਾਫ ਥਾਣਾ ਫੇਜ਼-1 ਮੋਹਾਲੀ ਵਿਖੇ ਦਰਜ ਮੁਕੱਦਮਾ ਨੰਬਰ 211 ਮਿਤੀ 11-11-2021 ਅਧੀਨ 307 ਆਈ.ਪੀ.ਸੀ. ਅਤੇ 25-54-59 ਅਸਲਾ ਐਕਟ ਦੇ ਸਹਿ-ਦੋਸ਼ੀ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਬੰਟੀ ਦਾ ਵੱਡਾ ਭਰਾ ਰਵੀ ਜਨਵਰੀ-2022 ਵਿੱਚ ਬਲੌਂਗੀ ਵਿਖੇ ਆਟੋ ਰਿਕਸ਼ਾ ਚਾਲਕ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਰਵੀ ਵੀ ਇਸ ਗਿਰੋਹ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਨਸ਼ਾ ਵੰਡਣ ਵਾਲੇ ਖੇਤਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।