ਚੰਡੀਗੜ੍ਹ: ਪੰਜਾਬ ਵਿੱਚ ਲੋਕਾਂ ਲਈ ਸਫ਼ਰ ਕਰਨਾ ਹੁਣ ਹੋਰ ਮਹਿੰਗਾ ਹੋਵੇਗਾ। ਦਰਅਸਲ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਨੇ ਸੂਬੇ ਭਰ ਦੇ ਟੋਲ ਪਲਾਜ਼ਿਆਂ ਦੇ ਟੈਕਸ ਰੇਟ 10 ਤੋਂ ਵਧਾ ਕੇ 40 ਰੁਪਏ ਕਰ ਦਿੱਤੇ ਹਨ। ਇਹ ਨਵੀਆਂ ਵਧੀਆਂ ਹੋਈਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਟੋਲ ਟੈਕਸ ਦੀ ਦਰ ਵਿਚ ਸੋਧ ਕੀਤੀ ਹੈ। ਪੰਜਾਬ ‘ਚ ਰਾਸ਼ਟਰੀ ਰਾਜਮਾਰਗਾਂ ‘ਤੇ ਆਉਣ ਵਾਲੇ 11 ਟੋਲ ਪਲਾਜ਼ਿਆਂ ‘ਤੇ ਟੈਕਸ ਰੇਟਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ।
ਲੁਧਿਆਣਾ-ਜਗਰਾਓਂ ਮਾਰਗ ‘ਤੇ ਚੌਕੀਮਾਨ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਮਾਰਗ ‘ਤੇ ਪੰਜ, ਬਠਿੰਡਾ-ਅੰਮ੍ਰਿਤਸਰ ਮਾਰਗ ‘ਤੇ ਤਿੰਨ ਤੇ ਬਠਿੰਡਾ-ਮਲੋਟ ਮਾਰਗ ‘ਤੇ ਇੱਕ ਟੋਲ ਪਲਾਜ਼ਾ ‘ਤੇ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਭਰਨਾ ਪਏਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਐਨਐਚਏਆਈ ਦੇ ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਕੇ.ਐਲ ਸਚਦੇਵਾ ਨੇ ਦੱਸਿਆ ਕਿ ਟੋਲ ਟੈਕਸ ਦੀਆਂ ਨਵੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਫਾਸਟੈਗ ਸਾਰੇ ਵਾਹਨਾਂ ਲਈ ਲਾਜ਼ਮੀ ਹੋਵੇਗਾ। ਐਨਐਚਏਆਈ ਵਲੋਂ ਵਾਹਨਾਂ ਦੀ ਸ਼੍ਰੇਣੀ ਦੇ ਹਿਸਾਬ ਨਾਲ ਟੋਲ ਟੈਕਸ ਦੀ ਦਰ ਵਧਾਈ ਗਈ ਹੈ। ਕਾਰ ਚਾਲਕਾਂ ਨੂੰ ਪੰਜ ਤੋਂ 10 ਰੁਪਏ ਵੱਧ ਦੇਣੇ ਪੈਣਗੇ ਜਦਕਿ ਹੋਰਨਾਂ ਵਾਹਨਾਂ ਲਈ 10 ਤੋਂ ਲੈ ਕੇ 865 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਸੂਬੇ ਭਰ ਵਿੱਚ 2 ਸਾਲ ਤੱਕ ਟੋਲ ਪਲਾਜ਼ੇ ਬੰਦ ਰਹੇ ਸਨ। ਹੁਣ ਸਰਕਾਰ ਇਸ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਐੱਨ.ਐੱਚ.ਏ.ਆਈ. ਦਾ ਦਾਅਵਾ ਹੈ ਕਿ ਗਿੱਟੀ, ਤਾਰਕੋਲ, ਸੀਮੈਂਟ ਆਦਿ ਮਹਿੰਗੇ ਹੋਣ ਕਰਕੇ ਮੁਰੰਮਤ ਵਿੱਚ ਲਾਗਤ ਵਧੀ ਹੈ। ਇਸ ਕਰਕੇ ਟੈਕਸ ਵਧਾਇਆ ਗਿਆ ਹੈ। ਟੈਕਸ ਵਿੱਚ ਔਸਤਨ 10 ਫੀਸਦੀ ਵਾਧਾ ਕੀਤਾ ਗਿਆ ਹੈ।