ਚੰਡੀਗੜ੍ਹ : ਬੱਸ ਮਾਫ਼ੀਆ ਜੜ੍ਹੋਂ ਪੁੱਟਣ ਲਈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ”ਇਕ ਬੱਸ-ਇਕ ਪਰਮਿਟ” ਨੂੰ ਸਖਤੀ ਨਾਲ ਲਾਗੂ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਬੱਸ ਪਰਮਿਟ ਜਲਦ ਹੀ ਆਨਲਾਈਨ ਕਰ ਦਿੱਤੇ ਜਾਣਗੇ।
ਮੰਤਰੀ ਭੁੱਲਰ ਨੇ ਅੱਜ ਪੰਜਾਬ ਭਵਨ ਵਿੱਚ ਸਮੂਹ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਨੂੰ ਪਰਮਿਟ ਆਨਲਾਈਨ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
ਬੱਸ ਅੱਡਿਆਂ ਦੇ ਬਾਹਰੋਂ ਚੱਲ ਰਹੀਆਂ ਗੈਰ-ਕਾਨੂੰਨੀ ਪ੍ਰਾਈਵੇਟ ਬੱਸਾਂ ‘ਤੇ ਸ਼ਿਕੰਜਾ ਕੱਸਣ ਦੀ ਹਦਾਇਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਸਾਰੇ ਡਿਪੂ ਜਨਰਲ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਬੱਸ ਸਟੈਂਡ ਦੇ 500 ਮੀਟਰ ਦੇ ਦਾਇਰੇ ‘ਚ ਗੈਰ-ਕਾਨੂੰਨੀ ਬੱਸਾਂ ਨੂੰ ਰੋਕਣ ਲਈ ਵਿਭਾਗ ਨੇ ਉਨ੍ਹਾਂ ਨੂੰ ਪਹਿਲਾਂ ਹੀ ਅਧਿਕਾਰ ਦਿੱਤੇ ਹੋਏ ਹਨ। ਇਸ ਲਈ ਜਨਰਲ ਮੈਨੇਜਰਾਂ ਨੂੰ ਚਾਹੀਦਾ ਹੈ ਕਿ ਉਹ ਬੱਸ ਸਟੈਂਡ ਦੇ ਬਾਹਰੋਂ ਸਵਾਰੀਆਂ ਲੈ ਕੇ ਜਾਣ ਵਾਲੀਆਂ ਪ੍ਰਾਈਵੇਟ ਅਤੇ ਟ੍ਰੈਵਲ ਬੱਸਾਂ ਨੂੰ ਜ਼ਬਤ ਕਰਨ। ਜਨਰਲ ਮੈਨੇਜਰਾਂ ਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਕੱਤਰ, ਆਰ.ਟੀ.ਏਜ਼ ਦਾ ਸਹਿਯੋਗ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸ: ਭੁੱਲਰ ਨੇ ਵਿਭਾਗ ਦੀ ਆਮਦਨ ਵਧਾਉਣ ‘ਤੇ ਜ਼ੋਰ ਦਿੰਦਿਆਂ ਬੇਨਿਯਮੀਆਂ ਨੂੰ ਸਖ਼ਤੀ ਨਾਲ ਖਤਮ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਬੱਸਾਂ ਦੇ ਈਂਧਨ ਦੀ ਚੋਰੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਸ ਲਈ ਜਨਰਲ ਮੈਨੇਜਰਾਂ ਨੂੰ ਹਰੇਕ ਬੱਸ ਤੋਂ ਘੱਟੋ-ਘੱਟ 4.8 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਜਨਰਲ ਮੈਨੇਜਰਾਂ ਨੂੰ ਹਦਾਇਤ ਦਿੱਤੀ ਕਿ ਜਿਹੜੇ ਡਰਾਈਵਰ ਮਾਈਲੇਜ ਦੇ ਟੀਚੇ ਨੂੰ ਪ੍ਰਾਪਤ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਰਿਕਵਰੀ ਲਈ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਮੰਤਰੀ ਨੇ ਹਦਾਇਤ ਕੀਤੀ ਕਿ ਵਿਦਿਆਰਥੀਆਂ ਦੇ ਬੱਸ ਪਾਸ ਨਿਰਵਿਘਨ ਅਤੇ ਸਮਾਂਬੱਧ ਤਰੀਕੇ ਨਾਲ ਬਣਾਏ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇ ਪਾਸਾਂ ਦੇ ਬਕਾਇਆ ਪਏ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਤੋਂ ਇਲਾਵਾ ਬੱਸ ਸਟੈਂਡਾਂ ‘ਤੇ ਪਖਾਨਿਆਂ ਦੀ ਸਫ਼ਾਈ, ਸਵਾਰੀਆਂ ਨਾਲ ਡਰਾਈਵਰ-ਕੰਡਕਟਰਾਂ ਦਾ ਸਲੂਕ ਕਰਨ ਅਤੇ ਬੱਸਾਂ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਬੰਧ ਵੱਲ ਵੀ ਪੂਰਾ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੈਂ ਜਲਦੀ ਹੀ ਬੱਸ ਸਟੈਂਡਾਂ ਦੀ ਚੈਕਿੰਗ ਮੁਹਿੰਮ ਸ਼ੁਰੂ ਕਰਾਂਗਾ ਅਤੇ ਕਿਸੇ ਵੀ ਅਣਗਹਿਲੀ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।