ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1,24,46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਬੈਂਕ ਵਿੱਚ ਆਪਣੀ ਤਾਇਨਾਤੀ ਦੌਰਾਨ ਬੈਂਕ ਮੈਨੇਜਰਾਂ ਅਤੇ ਬੈਂਕ ਦੇ ਹੋਰ ਮੁਲਾਜ਼ਮਾਂ ਦੇ ਅਕਾਊਂਟ ਆਈਡੀਜ਼, ਪਾਸਵਰਡ ਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਕਰਕੇ ਵੱਡੀ ਰਕਮ ਦਾ ਘਪਲਾ ਕੀਤਾ।
ਦੋਸ਼ੀ ਮੈਨੇਜਰ ਨੂੰ ਵੱਖ-ਵੱਖ ਬੈਂਕਾਂ ਤੋਂ ਇਨਵਾਰਡ ਚੈੱਕਾਂ ਦੀ ਕਲੀਅਰੈਂਸ ਅਤੇ ਸਟੇਟ ਕੋ-ਆਪ੍ਰੇਟਿਵ ਬੈਂਕ ਦੇ ਚਾਲੂ ਖਾਤਿਆਂ ਦੇ ਸੁਲਝਾਉਣ ਸਣੇ ਡਰਾਫਟ ਰਕਮ ਟ੍ਰਾਂਸਫਰ ਕਰਨ ਲਈ ਨਿਯੁਕਤ ਕੀਤਾ ਗਿਆ ਸੀ।
ਉਨ੍ਹਾਂ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਸਰਕਾਰੀ ਦਫ਼ਤਰ ਦੀ ਦੁਰਵਰਤੋਂ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਜਾਅਲੀ ਪੈਸੇ ਟਰਾਂਸਫਰ ਕੀਤੇ। ਅਜਿਹੇ ਖਾਤਿਆਂ ‘ਚ ਪੈਸੇ ਭੇਜ ਕੇ ਉਸ ਨੇ ਕੁੱਲ 1,24,46,547 ਰੁਪਏ ਦੀ ਠੱਗੀ ਮਾਰੀ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਸਹਿਕਾਰੀ ਬੈਂਕ ਦੀ ਅੰਦਰੂਨੀ ਜਾਂਚ ਵਿੱਚ ਬਿਕਰਮਜੀਤ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ ! ਪਾਕਿਸਤਾਨ ‘ਚ ਪਹਿਲੀ ਹਿੰਦੂ ਮਹਿਲਾ ਮਨੀਸ਼ਾ ਰੋਪੇਟਾ ਬਣੀ DSP
ਬਿਕਰਮਜੀਤ ਸਿੰਘ ਨੇ 2011 ਤੋਂ 2016 ਤੱਕ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਤੋਂ ਇਲਾਵਾ ਹੋਰ ਕਰਮਚਾਰੀਆਂ ਦੇ ਆਈਡੀ ਦੇ ਪਾਸਵਰਡ ਦੀ ਵਰਤੋਂ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਜ਼ਿਆਦਾਤਰ ਅਸ਼ੋਕ ਸਿੰਘ ਮਾਨ ਦੀ ਆਈਡੀ ਅਤੇ ਪਾਸਵਰਡ ਦੀ ਵਰਤੋਂ ਕੀਤੀ ਪਰ ਉਸ ਨੇ ਕਦੇ ਵੀ ਬੈਂਕ ਅਤੇ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਨਹੀਂ ਕੀਤੀ। ਇਸ ਲਈ ਉਨ੍ਹਾਂ ਨੂੰ ਵਿੱਤੀ ਧੋਖਾਧੜੀ ‘ਚ ਸ਼ਾਮਲ ਮੰਨਦੇ ਹੋਏ ਉਨ੍ਹਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: