ਚੰਡੀਗੜ੍ਹ ਪੁਲਿਸ ਵਿਭਾਗ ਨੇ ਇੱਕ SUV ਡਰਾਈਵਰ ਨਾਲ ਹੱਥਪਾਈ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਟਰੈਫਿਕ ਵਿੰਗ ਦੇ ਇੱਕ ਏ.ਐੱਸ.ਆਈ. ਅਤੇ ਸੀਨੀਅਰ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।
ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸੈਕਟਰ-29 ਸਥਿਤ ਟਰੈਫਿਕ ਪੁਲਿਸ ਲਾਈਨ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਸਪੈਂਡ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਸਹਾਇਕ ਸਬ-ਇੰਸਪੈਕਟਰ ਰਵਿੰਦਰ ਤੇ ਇੱਕ ਸੀਨੀਅਰ ਕਾਂਸਟੇਬਲ ਰਾਹੁਲ ਹਨ।
ਕਲਿੱਪ ਵਿੱਚ ਟ੍ਰੈਫਿਕ ਯੂਨਿਟ ਵਿੱਚ ਤਾਇਨਾਤ ਏ.ਐਸ.ਆਈ. ਰਵਿੰਦਰ ਅਤੇ ਕਾਂਸਟੇਬਲ ਰਾਹੁਲ ਡਰਾਈਵਰ ਨਾਲ ਬਹਿਸ ਕਰਦੇ ਅਤੇ ਹੱਥੋਪਾਈ ਕਰਦੇ ਨਜ਼ਰ ਆਏ। ਡਰਾਈਵਰ ਨੇ ਕਥਿਤ ਤੌਰ ‘ਤੇ ਏਐਸਆਈ ਨਾਲ ਕੁੱਟਮਾਰ ਕੀਤੀ ਸੀ। ਸ਼ਨੀਵਾਰ ਸ਼ਾਮ 5.30 ਵਜੇ ਪੀਜੀਆਈ ਅਤੇ ਪੀਯੂ ਦੇ ਵਿਚਕਾਰਲੀ ਸੜਕ ‘ਤੇ ਡਰਾਈਵਰ ਨੂੰ ਡਰਾਈਵਿੰਗ ਕਰਨ ਵੇਲੇ ਮੋਬਾਈਲ ਫੋਨ ਚਲਾਉਂਦੇ ਵੇਖ ਕੇ ਪੁਲਿਸ ਨੇ ਐਸਯੂਵੀ ਨੂੰ ਰੋਕ ਦਿੱਤਾ।
ਹਾਲਾਂਕਿ, ਡਰਾਈਵਰ ਨੇ ਦਲੀਲ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਈ ਜਾਵੇ। ਦੋਵਾਂ ਵਿਚ ਗਰਮਾ-ਗਰਮੀ ਤੇ ਬਹਿਸ ਹੋ ਗਈ ਅਤੇ ਇਕ-ਦੂਜੇ ਨੂੰ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।
ਇਕ ਰਾਹਗੀਰ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ਨਾਲ ਰਿਕਾਰਡ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਵੀਡੀਓ ਦੇਖਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਕਾਰਵਾਈ ਕਰਨ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸ਼ਨੀਵਾਰ ਨੂੰ ਕਲਿੱਪ ਵਾਇਰਲ ਹੋਣ ਤੋਂ ਬਾਅਦ ਯੂਟੀ ਟ੍ਰੈਫਿਕ ਪੁਲਿਸ ਦੀ ਪਾਸੇ ਆਲੋਚਨਾ ਹੋ ਰਹੀ ਸੀ। ਲੋਕਾਂ ਨੇ ਵੀਡੀਓ ਨੂੰ ਡੀਜੀਪੀ ਚੰਡੀਗੜ੍ਹ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟੈਗ ਕਰ ਦਿੱਤਾ ਤੇ ਦੋਵਾਂ ਪੁਲਿਸ ਵਾਲਿਆਂ ਦੇ ਵਿਵਹਾਰ ਦੀ ਸਖ਼ਤ ਨਿੰਦਾ ਕੀਤੀ, ਜਿਸ ਮਗਰੋਂ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਸਸਪੈਂਡ ਕਰ ਦਿੱਤਾ।