ਦਿੱਲੀ ‘ਚ ਦੋ ਨੌਜਵਾਨਾਂ ਨੇ 6 ਸਾਲਾ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਰਾਤ ਲੋਧੀ ਕਾਲੋਨੀ ਇਲਾਕੇ ‘ਚ CRPF ਹੈੱਡਕੁਆਰਟਰ ਦੀ ਕੰਸਟਰੱਕਸ਼ਨ ਸਾਈਟ ‘ਤੇ ਵਾਪਰੀ। ਮੁਲਜ਼ਮ ਨੇ ਕਤਲ ਤੋਂ ਪਹਿਲਾਂ ਗਾਂਜਾ ਪੀਤਾ ਸੀ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਪੁਲਿਸ ਨੂੰ ਸੁਪਨੇ, ਸ਼ਿਵ ਅਤੇ ਬਲੀ ਦੀ ਕਹਾਣੀ ਸੁਣਾਈ। ਇਸ ਪੂਰੀ ਕਹਾਣੀ ਤੋਂ ਤਾਂ ਇਹੀ ਜਾਪਦਾ ਸੀ ਨਸ਼ੇ ਦੀ ਹਾਲਤ ‘ਚ ਦੋਵੇਂ ਨੌਜਵਾਨਾਂ ਨੇ ਬੱਚੇ ਨੂੰ ਆਪਣੇ ਅੰਧਵਿਸ਼ਵਾਸ ਦੀ ਭੇਟ ਚਾੜ੍ਹ ਦਿੱਤਾ।
ਪੁਲਿਸ ਨੇ ਜਿਨ੍ਹਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਦੇ ਨਾਂ ਵਿਜੇ ਅਤੇ ਅਮਨ ਹਨ। ਦੋਵੇਂ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਕੰਸਟਰੱਕਸ਼ਨ ਸਾਈਟ ‘ਤੇ ਸੀਮੈਂਟ ਕਟਰ ਦਾ ਕੰਮ ਕਰਦੇ ਹਨ। ਕਤਲ ਕੀਤੇ ਗਏ ਬੱਚੇ ਦਾ ਨਾਂ ਧਰਮਿੰਦਰ ਹੈ। ਧਰਮਿੰਦਰ ਦੇ ਪਿਤਾ ਅਸ਼ੋਕ ਵੀ ਮਜ਼ਦੂਰ ਹਨ। ਉਹ ਯੂਪੀ ਦੇ ਬਰੇਲੀ ਦਾ ਰਹਿਣ ਵਾਲਾ ਹੈ।
ਕੰਸਟਰੱਕਸ਼ਨ ਸਾਈਟ ‘ਤੇ ਜਿਥੇ ਸਾਰੇ ਲੋਕ ਕੰਮ ਕਰਦੇ ਸਨ, ਉਥੇ ਰਾਤ ਨੂੰ ਭਜਨ ਚੱਲ ਰਹੇ ਸਨ। ਇਸ ਵਿੱਚ ਔਰਤਾਂ ਅਤੇ ਅਸ਼ੋਕ ਵੀ ਸ਼ਾਮਲ ਸਨ। ਦੋਸ਼ੀ ਵਿਜੇ ਗਾਂਜਾ ਪੀ ਕੇ ਇੱਥੇ ਪਹੁੰਚ ਗਿਆ। ਉਸ ਨੇ ਸ਼ਿਵ ਦੀ ਪੂਜਾ ਕਰਨ ਲਈ ਧੂਫ ਮੰਗੀ, ਪਰ ਔਰਤ ਨੇ ਧੂਫ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਮਗਰੋਂ ਉਹ ਆਪਣੀ ਝੁੱਗੀ ਵਿੱਚ ਪਰਤ ਆਇਆ।
ਵਿਜੇ ਨੇ ਪੁਲਿਸ ਨੂੰ ਦੱਸਿਆ ਕਿ ਅਸੀਂ ਸ਼ਿਵ ਦਾ ਪ੍ਰਸ਼ਾਦ ਖਾਧਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਪਨਾ ਆਇਆ ਕਿ ਭਗਵਾਨ ਸ਼ਿਵ ਬੱਚੇ ਦੀ ਬਲੀ ਮੰਗ ਰਹੇ ਹਨ। 6 ਸਾਲਾਂ ਧਰਮਿੰਦਰ ਰਾਤ ਕਰੀਬ 10:30 ਵਜੇ ਇਕੱਲਾ ਦਿਖਾਈ ਦਿੱਤਾ। ਬੱਚਾ ਵਿਜੇ ਅਤੇ ਅਮਨ ਨੂੰ ਜਾਣਦਾ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਉਸ ਨੂੰ ਆਪਣੀ ਝੁੱਗੀ ‘ਚ ਲੈ ਗਏ। ਸਬਜ਼ੀ ਕੱਟਣ ਵਾਲੇ ਚਾਕੂਆਂ ਨਾਲ ਬੱਚੇ ਦਾ ਗਲਾ ਵੱਢ ਦਿੱਤਾ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਲੋਟਸ’ ‘ਚ ‘ਆਪ’ MLAs ਦੇ ਬਿਆਨ ਦਰਜ, ਅੰਗੁਰਾਲ ਨੇ ਅਨੁਰਾਗ ਠਾਕੁਰ ਦਾ ਵੀ ਲਿਆ ਨਾਂ
ਫੋਰੈਂਸਿਕ ਟੀਮ ਨੇ ਕਤਲ ਵਿੱਚ ਵਰਤੇ ਗਏ ਦੋਵੇਂ ਚਾਕੂ ਬਰਾਮਦ ਕਰ ਲਏ ਹਨ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੱਚੇ ਦੇ ਪਿਤਾ ਅਸ਼ੋਕ ਨੇ ਪੁਲਸ ਨੂੰ ਦੱਸਿਆ ਕਿ ਧਰਮਿੰਦਰ ਭਜਨ ਦੌਰਾਨ ਕਾਫੀ ਦੇਰ ਤੱਕ ਦਿਖਾਈ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ। ਮੁਲਜ਼ਮਾਂ ਦੀ ਝੁੱਗੀ ਨੇੜੇ ਖੂਨ ਦੇ ਛਿੱਟੇ ਦੇਖੇ ਗਏ। ਦਰਵਾਜ਼ਾ ਖੜਕਾਉਣ ‘ਤੇ ਮੁਲਜ਼ਮ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਅਸ਼ੋਕ ਨੇ ਜ਼ਬਰਦਸਤੀ ਦਰਵਾਜ਼ਾ ਖੋਲ੍ਹਿਆ ਤਾਂ ਧਰਮਿੰਦਰ ਦੀ ਲਾਸ਼ ਫਰਸ਼ ‘ਤੇ ਪਈ ਸੀ।
ਵੀਡੀਓ ਲਈ ਕਲਿੱਕ ਕਰੋ -: