ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਹੋਰ ਗ੍ਰਿਫਤਾਰੀਆਂ ਕੀਤੀਆਂ ਹਨ। ਕੇਸ਼ਵ ਤੇ ਚੇਤਨ ਨੂੰ ਬਠਿੰਡਾ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਮੁਤਾਬਕ ਕੇਸ਼ਵ ਨੇ ਮੂਸੇਵਾਲਾ ‘ਤੇ ਹਮਲਾ ਕਰਨ ਵਾਲਿਆਂ ਨੂੰ ਹਥਿਆਰ ਸਪਲਾਈ ਕੀਤੇ ਸਨ। ਹਮਲੇ ਤੋਂ ਪਹਿਲਾਂ ਕੇਸ਼ਵ ਦੇ ਨਾਲ ਇਕ ਹੋਰ ਦੋਸ਼ੀ ਸੰਦੀਪ ਉਰਫ ਕੇਕੜਾ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ।
ਕੇਸ਼ਵ ਗੈਂਗਸਟਰ ਲਾਲੀ ਮੌੜ ਦੇ ਗਰੁੱਪ ਦਾ ਮੈਂਬਰ ਹੈ। ਲਾਲੀ ਮੌੜ ਦੇ ਗੋਲਡੀ ਬਰਾੜ ਨਾਲ ਸਬੰਧ ਹੋਣ ਕਰਕੇ ਸਿੱਧੂ ਕਤਲਕਾਂਡ ਲਈ ਕੇਸ਼ਵ ਨੂੰ ਵੀ ਹੋਰ ਸ਼ੂਟਰਾਂ ਨਾਲ ਸ਼ਾਮਲ ਕੀਤਾ ਗਿਆ ਸੀ। ਗੈਂਗਸਟਰ ਮੌੜ ਆਪਣੇ ਗਰੁੱਪ ਵਿੱਚ ਸਭ ਤੋਂ ਵੱਧ ਭਰੋਸਾ ਕੇਸ਼ਵ ‘ਤੇ ਕਰਦਾ ਹੈ। ਕੇਸ਼ਵ ਨੇ ਲਗਭਗ ਢਾਈ ਸਾਲ ਪਹਿਲਾਂ ਵੀ ਲਾਲੀ ਮੜ ਨਾਲ ਮਿਲ ਕੇ ਲਲਿਤ ਕੁਮਾਰ ਨਾਂ ਦੇ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਸੂਤਰਾਂ ਨੇ ਦੱਸਿਆ ਕਿ ਸਿੱਧੂ ਦੇ ਕਤਲ ਲਈ ਜਿਹੜਾ ਹਥਿਆਰ ਕੇਸ਼ਵ ਨੇ ਵਰਤੇ ਸਨ ਉਹ ਉਨ੍ਹਾਂ ਦੇ ਗੈਂਗ ਦਾ ਸੀ।
29 ਮਈ ਨੂੰ ਕਾਲਾਂਵਾਲੀ ਨਿਵਾਸੀ ਕੇਕੜਾ ਆਪਣੇ ਸਾਥੀ ਨਿੱਕੂ ਨਿਵਾਸੀ ਤਖ਼ਤਮਾਲ ਜ਼ਿਲ੍ਹਾ ਸਿਰਸਾ ਅਤੇ ਕੇਸ਼ਵ ਨਾਲ ਪਿੰਡ ਮੂਸਾ ਪਹੁੰਚਿਆ ਸੀ। ਤਿੰਨੋਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਏ ਸਨ। ਜਿੱਥੇ ਕੇਕੜਾ ਤੇ ਨਿੱਕੂ ਨੇ ਕੇਸ਼ਵ ਨੂੰ ਮੂਸੇਵਾਲਾ ਦੇ ਘਰ ਤੋਂ ਥੋੜ੍ਹੀ ਦੂਰ ਛੱਡ ਦਿੱਤਾ ਸੀ ਅਤੇ ਖੁਦ ਮੂਸੇਵਾਲਾ ਦੇ ਘਰ ਪਹੁੰਚ ਗਏ ਸਨ।
ਦੋਵਾਂ ਨੇ ਮੂਸੇਵਾਲਾ ਨਾਲ ਸੈਲਫੀ ਲਈ ਅਤੇ ਕਾਫੀ ਦੇਰ ਤੱਕ ਉੱਥੇ ਰਹੇ ਅਤੇ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਬਾਅਦ ਕੇਕੜਾ ਤੇ ਨਿੱਕੂ ਬਾਹਰ ਆਏ ਅਤੇ ਕੇਸ਼ਵ ਨੂੰ ਬਾਈਕ ‘ਤੇ ਬਿਠਾ ਕੇ ਲੈ ਗਏ। ਇਸ ਤੋਂ ਬਾਅਦ ਕੇਕੜੇ ਨੇ ਨਿੱਕੂ ਅਤੇ ਕੇਸ਼ਵ ਨੂੰ ਆਪਣੀ ਬਾਈਕ ਤੋਂ ਲਾਹ ਦਿੱਤਾ। ਦੋਵੇਂ ਦੋਸ਼ੀ ਕੋਰੋਲਾ ਗੱਡੀ ‘ਚ ਸਵਾਰ ਹੋ ਗਏ ਅਤੇ ਕੇਕੜਾ ਖੁਦ ਹੀ ਬਾਈਕ ‘ਤੇ ਨਿਕਲ ਗਿਆ। ਮੂਸੇਵਾਲਾ ਦਾ ਉਸੇ ਦਿਨ ਸ਼ਾਮ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: