ਪਾਕਿਸਤਾਨ ਦੇ ਕੇਂਦਰੀ ਮੰਤਰੀ ਮੁਫਤੀ ਅਬਦੁਲ ਸ਼ਕੂਰ ਮੰਤਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਧਾਰਮਿਕ ਮਾਮਲਿਆਂ ਦੇ ਮੰਤਰੀ ਸਨ। ਇਹ ਸੜਕ ਹਾਦਸਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਵਾਪਰਿਆ। ਹਾਦਸੇ ਬਾਰੇ ਪੁਲਿਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੀ ਹੈ, ਜਦੋਂ ਇਹ ਇਫਤਾਰ ਦਾ ਵੇਲਾ ਹੁੰਦਾ ਹੈ। ਇਸ ਦੌਰਾਨ ਮੰਤਰੀ ਦੀ ਕਾਰ ਇਕ ਗੱਡੀ ਨਾਲ ਟਕਰਾ ਗਈ। ਜਿਸ ਤੋਂ ਬਾਅਦ ਉਸ ਨੂੰ ਪੋਲੀਕਲੀਨਿਕ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਕੇਂਦਰੀ ਮੰਤਰੀ ਮੁਫਤੀ ਅਬਦੁਲ ਸ਼ਕੂਰ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਜਿਸ ਕਾਰ ਨਾਲ ਉਨ੍ਹਾਂ ਦੀ ਟੱਕਰ ਹੋਈ ਸੀ, ਇਸ ਵਿੱਚ ਪੰਜ ਵਿਅਕਤੀ ਸਨ, ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਕੇਂਦਰੀ ਮੰਤਰੀ ਖੁਦ ਕਾਰ ਚਲਾ ਰਹੇ ਸਨ। ਉਦੋਂ ਇੱਕ ਕਾਰ ਉਨ੍ਹਾਂ ਵੱਲ ਆਈ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਇਸਲਾਮਾਬਾਦ ਦੇ ਆਈਜੀ ਅਕਬਰ ਨਾਸਿਰ ਖਾਨ, ਸੂਚਨਾ ਅਤੇ ਪ੍ਰਸਾਰਣ ਮੰਤਰੀ ਮਰੀਅਮ ਔਰੰਗਜ਼ੇਬ ਅਤੇ ਹੋਰ ਮੰਤਰੀ ਵੀ ਹਸਪਤਾਲ ਪਹੁੰਚ ਗਏ। ਡਾਕਟਰਾਂ ਮੁਤਾਬਕ ਹਾਦਸੇ ਤੋਂ ਬਾਅਦ ਜ਼ਿਆਦਾ ਖੂਨ ਵਗਣ ਕਾਰਨ ਅਬਦੁਲ ਸ਼ਕੂਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਕੇਂਦਰੀ ਮੰਤਰੀ ਆਪਣੀ ਕਾਰ ‘ਚ ਇਕੱਲੇ ਸਫਰ ਕਰ ਰਹੇ ਸਨ।
ਅਬਦੁਲ ਸ਼ਕੂਰ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਘਟਨਾ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਇੱਕ ਵਿਹਾਰਕ ਵਿਦਵਾਨ, ਵਿਚਾਰਧਾਰਕ ਸਿਆਸੀ ਕਾਰਕੁੰਨ ਅਤੇ ਇੱਕ ਚੰਗੇ ਵਿਅਕਤੀ ਦਾ ਇਸ ਤਰ੍ਹਾਂ ਜਾਣਾ ਦੁੱਖ ਦੀ ਗੱਲ ਹੈ। ਇਸ ਦੌਰਾਨ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਨੇ ਵੀ ਮੰਤਰੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ‘ਕੰਸ ਨੂੰ ਪਤਾ ਸੀ ਕ੍ਰਿਸ਼ਣ ਉਸ ਦਾ ਵਧ ਕਰਨਗੇ, BJP ਨੂੰ ਵੀ ਪਤੈ ਕੇਜਰੀਵਾਲ ਉਸ ਦਾ ਅੰਤ ਕਰਨਗੇ’- ਰਾਘਵ ਚੱਢਾ ਬੋਲੇ
ਜ਼ਿਕਰਯੋਗ ਹੈ ਕਿ ਸ਼ਕੂਰ ਮੌਲਾਨਾ ਫਜ਼ਲੁਰ ਰਹਿਮਾਨ ਦੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (JUI-F) ਦੇ ਸੀਨੀਅਰ ਮੈਂਬਰ ਸਨ, ਜਿਨ੍ਹਾਂ ਦੀ ਪਾਰਟੀ ਸੱਤਾਧਾਰੀ ਗਠਜੋੜ ਦਾ ਹਿੱਸਾ ਹੈ। ਇਸ ਹਾਦਸੇ ਮਗਰੋਂ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: