ਯੂ. ਐੱਸ. ਏ. ਵਿਚ ਬਹੁਚਰਚਿਤ ਟੱਰਕ ਡਰਾਈਵਰ ਦੀ ਸਜ਼ਾ ਕਲੋਰਾਡੋ ਦੇ ਗਵਰਨਰ ਨੇ ਘਟਾ ਕੇ 10 ਸਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ 5 ਸਾਲਾਂ ਮਗਰੋਂ ਇਹ ਟਰੱਕ ਚਾਲਕ ਪੈਰੋਲ ‘ਤੇ ਬਾਹਰ ਆ ਸਕੇਗਾ।
2019 ਵਿਚ ਟਰੱਕ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਵਾਪਰੇ ਇੱਕ ਸੜਕ ਹਾਦਸੇ ਦੇ ਦੋਸ਼ ਵਿਚ ਡਰਾਈਵਰ ਨੂੰ ਅਮਰੀਕੀ ਸੂਬੇ ਕਲੋਰਾਡੋ ਦੀ ਅਦਾਲਤ ਨੇ 110 ਸਾਲ ਦੀ ਸਜ਼ਾ ਸੁਣਾਈ ਸੀ। ਇਸ ਸਖਤ ਸਜ਼ਾ ਖਿਲਾਫ ਟਰੱਕ ਡਰਾਈਵਰ ਤੇ ਲੋਕ ਭੜਕੇ ਉਠੇ ਤੇ ਇਸ ਸਜ਼ਾ ਖਿਲਾਫ 50 ਲੱਖ ਤੋਂ ਵੱਧ ਲੋਕਾਂ ਨੇ ਇੱਕ ਪਟੀਸ਼ਨ ਉਤੇ ਦਸਤਖਤ ਕਰਕੇ ਸਜ਼ਾ ਘਟਾਉਣ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਹਾਦਸੇ ਲਈ ਡਰਾਈਵਰ ਦਾ ਇੰਨਾ ਕਸੂਰ ਨਹੀਂ ਸੀ, ਜਿੰਨੀ ਉਸ ਨੂੰ ਸਜ਼ਾ ਦਿੱਤੀ ਗਈ ਹੈ।
ਟਰੱਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋਏ ਸਨ। ਬਰੇਕਾਂ ਫੇਲ੍ਹ ਹੋਣ ਕਾਰਨ ਟਰੱਕ ਬੇਕਾਬੂ ਹੋ ਕੇ ਖੜ੍ਹੀਆਂ ਗੱਡੀਆਂ ਵਿਚ ਜਾ ਵੱਜਿਆ ਸੀ। ਟਰੱਕ ਹਾਦਸੇ ਵਿਚ 24 ਸਾਲਾ, 67 ਸਾਲਾ, 61 ਸਾਲਾ ਤੇ 69 ਸਾਲਾ ਵਿਅਕਤੀਆਂ ਦੀ ਮੌਤ ਹੋਈ ਸੀ। ਟਰੱਕ ਡਰਾਈਵਰ ਤੇ ਆਮ ਲੋਕਾਂ ਦੇ ਇਕੱਠ ਦੀ ਤਾਕਤ ਨੂੰ ਦੇਖਦੇ ਹੋਏ ਕਲੋਰਾਡੋ ਦੇ ਗਵਰਨਰ ਨੇ ਸਜ਼ਾ ਨੂੰ ਘਟਾ ਦਿੱਤਾ ਹੈ।
26 ਸਾਲਾ ਟਰੱਕ ਡਰਾਈਵਰ Aguilera-Mederos ਮੈਕਸੀਕੋ ਮੂਲ ਦਾ ਹੈ। ਇਹ ਘਟਨਾ ਅਪ੍ਰੈਲ 2019 ਵਿਚ ਵਾਪਰੀ ਸੀ, ਜਿਸ ਕਾਰਨ ਟਰੱਕ ਡਰਾਈਵਰ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ ਪਰ ਹੁਣ ਉਸ ਨੂੰ 5 ਸਾਲ ਮਗਰੋਂ ਪੈਰੋਲ ਮਿਲ ਜਾਵੇਗੀ ਤੇ ਸਜ਼ਾ ਵੀ 10 ਸਾਲਾਂ ਮਗਰੋਂ ਖਤਮ ਹੋ ਜਾਵੇਗੀ। ਲੋਕਾਂ ਦਾ ਇਹ ਹੀ ਕਹਿਣਾ ਸੀ ਕਿ ਬਰੇਕਾਂ ਫੇਲ੍ਹ ਹੋਣ ਕਾਰਨ ਹਾਦਸਾ ਹੋਇਆ ਜਿਸ ਕਾਰਨ ਟਰੱਕ ਡਰਾਈਵਰ ਨੂੰ ਪੂਰੀ ਤਰ੍ਹਾਂ ਤੋਂ ਕਸੂਰਵਾਰ ਠਹਿਰਾਉਣਾ ਗਲਤ ਹੈ।
ਵੀਡੀਓ ਲਈ ਕਲਿੱਕ ਕਰੋ -: