ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਰੋਡਵੇਜ਼ ਦੇ ਇਕ ਹੋਰ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਹੋਰਨਾਂ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਰਿਸ਼ਵਤ ਲੈ ਕੇ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਦੀ ਰਵਾਨਗੀ ਦੇ ਸਮੇਂ ਵਿਚ ਬਦਲਾਅ ਕਰਕੇ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ ਵਿਚ ਸ਼ਾਮਲ ਹੈ।
ਫੜਿਆ ਗਿਆ ਮੁਲਜ਼ਮ ਸਤਨਾਮ ਸਿੰਘ, ਸਟੇਸ਼ਨ ਸੁਪਰਵਾਈਜ਼ਰ, ਪੰਜਾਬ ਰੋਡਵੇਜ਼, ਡਿਪੂ-1, ਜਲੰਧਰ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਦਰਜ ਹੋਏ ਕੇਸ ਵਿੱਚ ਭਗੌੜਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕੁਝ ਮੁਲਾਜ਼ਮਾਂ ‘ਤੇ ਨਿੱਜੀ ਬੱਸਾਂ ਦੇ ਹੱਕ ਵਿੱਚ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਦੇ ਚੱਲਣ ਦਾ ਸਮਾਂ ਬਦਲ ਕੇ ਰੋਜ਼ਾਨਾ/ਮਹੀਨਾਵਾਰ ਰਿਸ਼ਵਤ ਵਸੂਲਣ ਦੇ ਦੋਸ਼ ਲੱਗੇ ਹਨ।
ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਪੁਲਿਸ ਸਟੇਸ਼ਨ, ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਦੇ ਤਹਿਤ ਐਫਆਈਆਰ ਨੰਬਰ 5 ਮਿਤੀ 30-04-2021 ਨੂੰ ਇੱਕ ਕੇਸ ਦਰਜ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਸਤਨਾਮ ਸਿੰਘ ਵਾਸੀ ਪਿੰਡ ਗੁਣਾਚੌਰ ਜ਼ਿਲ੍ਹਾ ਐਸਬੀਐਸ ਸ਼ਾਮਲ ਸੀ, ਜਿਸ ਨੂੰ ਅੱਜ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਟੀਮ ਵੱਲੋਂ ਜ਼ਿਲ੍ਹਾ ਕਚਹਿਰੀ ਕੰਪਲੈਕਸ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ।