ਪਠਾਨਕੋਟ ਜ਼ਿਲ੍ਹੇ ਵਿੱਚ 60 ਪਰਿਵਾਰਾਂ ਨੇ ਪਲਾਇਨ ਕਰਨ ਦਾ ਮਨ ਬਣਾ ਲਿਆ ਹੈ। ਇਹ ਸਾਰੇ ਪਰਿਵਾਰ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਦੇ ਪਿੰਡ ਹਲੇਦ ਅਤੇ ਜੰਗਾਠ ਦੇ ਰਹਿਣ ਵਾਲੇ ਹਨ। ਪਿੰਡ ਵਿੱਚ ਪਿਛਲੇ 50 ਸਾਲਾਂ ਤੋਂ ਕੋਈ ਵਿਕਾਸ ਕਾਰਜ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਆਪਣੇ ਘਰਾਂ ਅਤੇ ਦੁਕਾਨਾਂ ’ਤੇ ‘ਬਿਕਾਉ ਹੈ’ ਦੇ ਪੋਸਟਰ ਲਗਾ ਦਿੱਤੇ ਹਨ।
ਦੱਸ ਦੇਈਏ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਵਾਰਡ-5 ਦੇ ਪੰਚ ਸੁਰਜਨ ਸਿੰਘ, ਵਾਰਡ-4 ਦੇ ਸਾਬਕਾ ਪੰਚ ਰਣਜੀਤ ਸਿੰਘ, ਸਾਬਕਾ ਸਰਪੰਚ ਕਰਨ ਸਿੰਘ, ਸਾਬਕਾ ਸਰਪੰਚ ਤ੍ਰਿਪਤਾ ਦੇਵੀ, ਰਜਨੀ ਦੇਵੀ, ਮਨੀਸ਼ ਸਿੰਘ, ਜਗਬੀਰ ਸਿੰਘ, ਵਿਨੋਦ ਪਡਵਾਲ, ਪੁਸ਼ਪਿੰਦਰ ਸਿੰਘ, ਮਹਿੰਦਰ ਸਿੰਘ, ਸੰਦੀਪ ਸਿੰਘ, ਰੇਖਾ ਦੇਵੀ, ਕਾਮਿਨੀ ਦੇਵੀ ਅਤੇ ਭੋਲੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਜੇ ਤੱਕ ਕੋਈ ਵਿਕਾਸ ਕਾਰਜ ਨਹੀਂ ਹੋਇਆ ਅਤੇ ਨਾ ਹੀ ਕੋਈ ਯੋਜਨਾ ਆਈ ਹੈ।
ਵਾਰਡ ਵਾਸੀਆਂ ਨੇ ਦੱਸਿਆ ਕਿ ਵਾਰਡ ਨੰਬਰ 4 ਅਤੇ 5 ਵਿੱਚ ਗਲੀ, ਨਾਲੀ, ਛੱਪੜ, ਗਰਾਊਂਡ, ਸ਼ਮਸ਼ਾਨਘਾਟ ਦੀ ਹਾਲਤ ਮਾੜੀ ਹੈ। ਇਸ ਦੇ ਨਾਲ ਹੀ ਸਥਾਨਕ ਲੋਕ ਬਿਜਲੀ ਅਤੇ ਪਾਣੀ ਲਈ ਜੂਝ ਰਹੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਤਿੰਨ ਵਾਰ ਬੀ.ਡੀ.ਪੀ.ਓ ਧਾਰ ਕਲਾਂ, ਦੋ ਵਾਰ ਡੀ.ਡੀ.ਪੀ.ਓ ਪਠਾਨਕੋਟ, ਤਿੰਨ ਵਾਰ ਪਾਵਰਕਾਮ ਵਿਭਾਗ, ਦੋ ਵਾਰ ਐੱਸ.ਡੀ.ਓ ਪਬਲਿਕ ਹੈਲਥ, ਦੋ ਵਾਰ ਐੱਸ.ਡੀ.ਓ ਮੰਡੀ ਬੋਰਡ ਪਠਾਨਕੋਟ ਅਤੇ ਹੋਰ ਵਿਭਾਗਾਂ ਨੂੰ ਮਿੰਨਤਾਂ ਕਰ ਚੁੱਕੇ ਹਾੰ ਪਰ ਅੱਜ ਤੱਕ ਉਨ੍ਹਾਂ ਦਾ ਕੋਈ ਸਥਾਈ ਹੱਲ ਨਹੀਂ ਹੋਇਆ। ਸਮੱਸਿਆਵਾਂ
ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਖੇਡ ਗਰਾਊਂਡ ਅਤੇ ਸ਼ਮਸ਼ਾਨਘਾਟ ਬਣਾਉਣ ਲਈ ਉਨ੍ਹਾਂ ਪਿਉ-ਦਾਦੇ ਤਤਕਾਲੀ ਸਰਕਾਰਾਂ ਕੋਲ ਤਰਲੇ ਕਰਦੇ ਰਹੇ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਬਾਅਦ ਵਿੱਚ ਪਿੰਡ ਦੇ ਲੋਕਾਂ ਨੇ ਖੁਦ ਪੈਸੇ ਇਕੱਠੇ ਕਰਕੇ ਦੋ ਸਾਲ ਪਹਿਲਾਂ ਸ਼ਮਸ਼ਾਨਘਾਟ ਅਤੇ ਸੱਤ ਸਾਲ ਪਹਿਲਾਂ ਖੇਡ ਮੈਦਾਨ ਬਣਵਾਇਆ ਸੀ ਪਰ ਇਹ ਅਜੇ ਤੱਕ ਅਧੂਰੇ ਪਏ ਹਨ।
ਹੁਣ ਮੁੜ ਖੇਡ ਮੈਦਾਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਪਿਛਲੀ ਸਰਕਾਰ ਅਤੇ ਮੌਜੂਦਾ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜ ਨਾ ਹੋਣ ਕਾਰਨ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਕਈ ਪਰਿਵਾਰ ਪਿੰਡ ਛੱਡ ਕੇ ਚਲੇ ਗਏ ਹਨ ਅਤੇ ਕਈ ਪਰਿਵਾਰ ਪਿੰਡ ਦੇ ਕਿਨਾਰੇ ਆ ਕੇ ਵਸ ਗਏ ਹਨ।
ਇਹ ਵੀ ਪੜ੍ਹੋ : ‘ਵਿਆਹ ਕਰੋ, ਦਾੜ੍ਹੀ ਨਾ ਵਧਾਓ, ਅਸੀਂ ਸਾਰੇ ਬਰਾਤੀ ਚੱਲਾਂਗੇ’- ਰਾਹੁਲ ਨੂੰ ਬੋਲੇ ਲਾਲੂ ਯਾਦਵ
ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਿਹਾ ਕਿ 60 ਦੇ ਕਰੀਬ ਪਰਿਵਾਰ ਆਪਣਾ ਮਕਾਨ ਅਤੇ ਜਾਇਦਾਦ ਵੇਚ ਕੇ ਉਸ ਪਿੰਡ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ ਜਿੱਥੇ ਸਰਕਾਰ ਵੱਲੋਂ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਘਰਾਂ ਅਤੇ ਦੁਕਾਨਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਹਨ ਕਿ ਜੇ ਕੋਈ ਸਾਡਾ ਘਰ ਅਤੇ ਜ਼ਮੀਨ ਖਰੀਦਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: