ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅੱਜ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਅਨੁਰਾਗ ਵਰਮਾ ਨਵੇਂ ਮੁੱਖ ਸਕੱਤਰ ਨਿਯੁਕਤ ਕੀਤੇ ਗਏ ਹਨ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅੱਜ ਡਿਊਟੀ ਦੇ ਆਖਰੀ ਦਿਨ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਵਧਾਈਆਂ ਦਿੰਦੇ ਹੋਏ ਸੁਨਿਹਰੀ ਤੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੀ.ਐੱਮ. ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੌਰਾਨ ਪੰਜਾਬ ਤੇ ਪੰਜਾਬੀਆਂ ਲਈ ਲਏ ਗਏ ਅਹਿਮ ਫੈਸਲਿਆਂ ਵਿੱਚ ਜੰਜੂਆ ਜੀ ਦੀ ਭੂਮਿਕਾ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਉਨ੍ਹਾਂ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਅਹੁਦਾ ਸੰਭਾਲਣ ਲਈ ਮੁਕਾਬਕਬਾਦ ਦਿੱਤੀ।
ਦੱਸ ਦੇਈਏ ਕਿ 1989 ਬੈਚ ਦੇ IAS ਅਧਿਕਾਰੀ ਵਿਜੇ ਕੁਮਾਰ ਜੰਜੂਆ ਨੇ ਪਿਛਲੇ ਸਾਲ ਜੂਨ 2022 ਵਿੱਚ ਪੰਜਾਬ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ ਸੀ। ਵਿਜੇ ਕੁਮਾਰ ਜੰਜੂਆ ਜੀ ਨੂੰ ਆਪਣਾ ਪੂਰਾ ਨਾਂ ਲਿਖਿਆ ਜਾਣਾ ਹੀ ਪਸੰਦ ਸੀ ਭਾਵ ਉਨ੍ਹਾਂ ਨੂੰ ਵੀ.ਕੇ. ਜੰਜੂਆ ਲਿਖਿਆ ਹੋਣਾ ਚੰਗਾ ਨਹੀਂ ਲੱਗਦਾ ਸੀ, ਜਿਸ ਕਰਕੇ ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਪੂਰਾ ਨਾਂ ਲਿਖਣ ਦੇ ਨਿਰਦੇਸ਼ ਦਿੱਤੇ ਸਨ।
ਦੂਜੇ ਪਾਸੇ ਗੱਲ ਕਰੀਏ ਨਵੇਂ ਚੀਫ ਸਕੱਤਰ 1993 ਬੈਚ ਦੇ ਆਈ.ਏ.ਐਸ. ਅਧਿਕਾਰੀ ਅਨੁਰਾਗ ਵਰਮਾ ਦੀ ਤਾਂ ਉਹ ਭਲਕੇ ਪਹਿਲੀ ਜੁਲਾਈ, 2023 ਨੂੰ ਸੂਬੇ ਦੇ 42ਵੇਂ ਮੁੱਖ ਸਕੱਤਰ ਵਜੋਂ ਕਾਰਜਭਾਰ ਸੰਭਾਲਣਗੇ। ਅਨੁਰਾਗ ਵਰਮਾ ਮੌਜੂਦਾ ਸਮੇਂ ਵਧੀਕ ਮੁੱਖ ਸਕੱਤਰ ਗ੍ਰਹਿ, ਉਦਯੋਗ ਤੇ ਕਾਮਰਸ, ਕਾਨੂੰਨੀ ਤੇ ਵਿਧਾਨਕ ਮਾਮਲੇ, ਸੂਚਨਾ ਤਕਨਾਲੋਜੀ ਅਤੇ ਨਿਵੇਸ਼ ਪ੍ਰੋਤਸਾਹਨ ਹਨ। ਨਵੇਂ ਆਦੇਸ਼ਾਂ ਮੁਤਾਬਕ ਸ੍ਰੀ ਵਰਮਾ ਕੋਲ ਮੁੱਖ ਸਕੱਤਰ ਤੋਂ ਇਲਾਵਾ ਪ੍ਰਮੁੱਖ ਸਕੱਤਰ ਪ੍ਰਸੋਨਲ ਤੇ ਵਿਜੀਲੈਂਸ ਦਾ ਵਾਧੂ ਚਾਰਜ ਰਹੇਗਾ।
ਪਟਿਆਲਾ ਵਿਖੇ ਅਧਿਆਪਕ ਪਰਿਵਾਰ ਵਿੱਚ ਜਨਮੇ ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਪਟਿਆਲਾ ਜ਼ਿਲੇ ਵਿੱਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਵਰਮਾ 1993 ਵਿੱਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ.ਏ.ਐਸ.) ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ ਸੱਤਵੇਂ ਸਥਾਨ ‘ਤੇ ਆਏ ਸਨ।
ਇਹ ਵੀ ਪੜ੍ਹੋ : SHO ਨੂੰ ਕੀਤੀ ਗਲਤੀ ਪਈ ਭਾਰੀ, ਰਿਟਾਇਰ ਹੋਣ ਮਗਰੋਂ ਫ਼ਸਿਆ, ਜਲਦ ਹੋਵੇਗੀ ਗ੍ਰਿਫ਼ਤਾਰੀ
ਫੀਲਡ ਪੋਸਟਿੰਗ ਦੌਰਾਨ ਬਠਿੰਡਾ, ਲੁਧਿਆਣਾ ਤੇ ਜਲੰਧਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਬਿਹਤਰ ਤੇ ਕੁਸ਼ਲ ਭਰਪੂਰ ਸੇਵਾਵਾਂ ਨਿਭਾਉਣ ਉਪਰੰਤ ਵਰਮਾ ਨੇ ਹੈਡਕੁਆਟਰ ਵਿਖੇ ਵੱਖ-ਵੱਖ ਵਿਭਾਗਾਂ ਵਿੱਚ ਲਾਮਿਸਾਲ ਸੇਵਾਵਾਂ ਨਿਭਾਈਆਂ। ਵਿਸ਼ੇਸ਼ ਸਕੱਤਰ ਮਾਲ ਵਜੋਂ ਸੂਬੇ ਵਿੱਚ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਅਤੇ ਫਰਦ ਕੇਂਦਰਾਂ ਦੀ ਸ਼ੁਰੂਆਤ ਦੀ ਨਿਵੇਕਲੀ ਪਹਿਲ ਕੀਤੀ। ਆਬਕਾਰੀ ਤੇ ਕਰ ਕਮਿਸ਼ਨਰ ਦੇ ਅਹੁਦੇ ਉਤੇ ਰਹਿੰਦਿਆਂ ਆਪਣੀ ਕਾਰਜ ਕੁਸ਼ਲਤਾ ਸਦਕਾ ਮਾਲੀਆ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕਾਂ ਲਈ ਕਰ ਭਰਨ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸੁਖਾਲਾ ਤੇ ਪਾਰਦਰਸ਼ੀ ਬਣਾਇਆ। ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਰਹਿੰਦਿਆਂ ਜਿੱਥੇ ਮਗਨਰੇਗਾ ਸਕੀਮ ਨੂੰ ਜ਼ਮੀਨੀ ਪੱਧਰ ਉਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਉਥੇ ਸੂਬੇ ਦੇ 1000 ਤੋਂ ਵੱਧ ਪਿੰਡਾਂ ਵਿੱਚ ਖੇਡ ਮੈਦਾਨ ਤੇ ਖੇਡ ਪਾਰਕ ਉਸਾਰ ਕੇ ਸਿਹਤਮੰਦ ਮਾਹੌਲ ਸਿਰਜਿਆ।
ਵੀਡੀਓ ਲਈ ਕਲਿੱਕ ਕਰੋ -: