ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਦੀ ਖਬਰ ਜਿਉਂ ਹੀ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਪੁੱਜੀ ਤਾਂ ਉਨ੍ਹਾਂ ਦੇ ਕਰੀਬੀ ਦੋਸਤ, ਪ੍ਰਸ਼ੰਸਕ ਅਤੇ ਸਮਰਥਕ ਸਾਰੀ ਰਾਤ ਨਹੀਂ ਸੌਂ ਸਕੇ। ਇੱਥੋਂ ਤੱਕ ਕਿ ਕਈ ਘਰਾਂ ਵਿੱਚ ਤਾਂ ਚੁੱਲ੍ਹਾ ਵੀ ਨਹੀਂ ਬਲਿਆ। ਸਵੇਰ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਸਥਿਤ ਰਿਹਾਇਸ਼ ‘ਤੇ ਆਗੂਆਂ ਤੇ ਸਮਰਥਕਾਂ ਦਾ ਆਉਣਾ-ਜਾਣਾ ਲੱਗਾ ਰਿਹਾ।
ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਣਜੋਧ ਸਿੰਘ ਲੌਂਗੀ ਜੋ ਕਿ ਬਾਦਲ ਪਰਿਵਾਰ ਦੇ ਕਰੀਬੀ ਅਤੇ ਲੰਮੇ ਸਮੇਂ ਦੇ ਮਿੱਤਰ ਹਨ, ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਉਨ੍ਹਾਂ ਦੀ ਚਾਰ ਪੀੜ੍ਹੀਆਂ ਦੀ ਸਾਂਝ ਹੈ। ਪਿੰਡ ਦਾ ਹਰ ਬੰਦਾ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਇੱਜ਼ਤ ਕਰਦਾ ਸੀ ਅਤੇ ਬਾਦਲ ਵੀ ਸਾਰਿਆਂ ਨੂੰ ਪਿਆਰ ਨਾਲ ਮਿਲਦੇ ਸਨ।
ਇਹੀ ਕਾਰਨ ਹੈ ਕਿ ਜਦੋਂ ਤੋਂ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਈ, ਉਦੋਂ ਤੋਂ ਘਰਾਂ ‘ਚ ਚੁੱਲ੍ਹੇ ਨਹੀਂ ਬਲੇ। ਉਨ੍ਹਾਂ ਦੱਸਿਆ ਕਿ ਉਮਰ ਦੇ ਇਸ ਪੜਾਅ ‘ਤੇ ਵੀ ਉਹ ਆਪਣੇ ਬਾਗ ‘ਚ ਆਉਂਦੇ-ਜਾਂਦੇ ਰਹਿੰਦੇ। ਡੇਅਰੀ ਅਤੇ ਜਾਨਵਰਾਂ ਦੀ ਖੁਦ ਦੇਖਭਾਲ ਕਰਦੇ ਸਨ।
ਇਹ ਵੀ ਪੜ੍ਹੋ : ਸਾਬਕਾ CM ਬਾਦਲ ਦੇ ਦਿਹਾਂਤ ‘ਤੇ ਦੇਸ਼ ‘ਚ 2 ਦਿਨ ਰਾਸ਼ਟਰੀ ਸੋਗ ਦਾ ਐਲਾਨ, ਅਧਿਕਾਰਤ ਮਨੋਰੰਜਨ ਪ੍ਰੋਗਰਾਮ ਰੱਦ
ਪਿੰਡ ਬਾਦਲ ਵਿਖੇ ਪੁੱਜੇ ਮੁਕਤਸਰ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਬਾਦਲ ਦੀ ਮੌਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਬਾਦਲ ਸਿਆਸੀ ਤੌਰ ‘ਤੇ ਹੀ ਨਹੀਂ ਸਗੋਂ ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਵੀ ਲੋਕਾਂ ਵਿਚ ਜਾਣੇ ਜਾਂਦੇ ਸਨ। ਬਾਦਲ ਇੱਕ ਸੰਸਥਾ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਸਗੋਂ ਹੋਰ ਪਾਰਟੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: