ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਯੂਨਾਈਟਿਡ ਕਿੰਗਡਮ ਦੀ ਸੁਪਰੀਮ ਕੋਰਟ ਨੇ ਹਵਾਲਗੀ ਵਿਰੁੱਧ ਨੀਰਵ ਮੋਦੀ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਹਵਾਲਗੀ ਤੋਂ ਬਚਣ ਲਈ ਨੀਰਵ ਮੋਦੀ ਕੋਲ ਇਹ ਆਖਰੀ ਬਦਲ ਸੀ।
ਨੀਰਵ ਮੋਦੀ ਫਿਲਹਾਲ ਲੰਡਨ ਦੀ ਵੈਂਡਸਵਰਥ ਜੇਲ੍ਹ ‘ਚ ਬੰਦ ਹੈ। ਹੁਣ ਉਸ ਤੋਂ ਬਾਅਦ ਯੂਕੇ ਵਿੱਚ ਕੋਈ ਬਦਲ ਨਹੀਂ ਬਚਿਆ ਹੈ ਅਤੇ ਉਸ ਨੂੰ ਭਾਰਤ ਆਉਣਾ ਪਵੇਗਾ। ਪਿਛਲੇ ਮਹੀਨੇ ਹੀ ਨੀਰਵ ਮੋਦੀ ਨੇ ਯੂਨਾਈਟਿਡ ਕਿੰਗਡਮ ਦੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹਵਾਲਗੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਹਾਈਕੋਰਟ ਨੇ ਨੀਰਵ ਮੋਦੀ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ, ਜਿਸ ‘ਚ ਉਸ ਨੇ ਮਾਨਸਿਕ ਸਿਹਤ ਦੇ ਆਧਾਰ ‘ਤੇ ਹਵਾਲਗੀ ਤੋਂ ਰਾਹਤ ਦੀ ਮੰਗ ਕੀਤੀ ਸੀ। ਨੀਰਵ ਨੇ ਕਿਹਾ ਸੀ ਕਿ ਜੇ ਉਸ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ ਤਾਂ ਉਹ ਤਣਾਅ ਵਿਚ ਰਹੇਗਾ ਅਤੇ ਖੁਦਕੁਸ਼ੀ ਵੀ ਕਰ ਸਕਦਾ ਹੈ। ਅਦਾਲਤ ਨੇ ਉਸ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਹਵਾਲਗੀ ਦੇ ਯੋਗ ਹੈ। ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਇਸ ਤੋਂ ਬਾਅਦ ਹੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਉੱਥੇ ਵੀ ਹਾਰ ਗਿਆ। ਹੁਣ ਉਸ ਲਈ ਭਾਰਤ ਆਉਣ ਦਾ ਰਸਤਾ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, 145 ਦਿਨਾਂ ਦਾ ਧਰਨਾ ਚੁੱਕਣ ਪਹੁੰਚੇ ਭਾਰੀ ਦਸਤੇ
ਪੰਜਾਬ ਨੈਸ਼ਨਲ ਬੈਂਕ ਤੋਂ ਕਰਜ਼ਾ ਲੈ ਕੇ ਹਜ਼ਾਰਾਂ ਕਰੋੜ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਨੀਰਵ ਮੋਦੀ 2018 ‘ਚ ਭਾਰਤ ਤੋਂ ਭੱਜ ਗਿਆ ਸੀ। ਉਦੋਂ ਤੋਂ ਹੀ ਸਰਕਾਰ ਲਗਾਤਾਰ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਉਹ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਟਾਲਦਾ ਰਿਹਾ ਹੈ। ਨੀਰਵ ਮੋਦੀ, ਮੇਹੁਲ ਚੋਕਸੀ, ਵਿਜੇ ਮਾਲਿਆ ਵਰਗੇ ਕਾਰੋਬਾਰੀਆਂ ਦੀ ਧੋਖਾਧੜੀ ਦਾ ਮੁੱਦਾ ਦੇਸ਼ ਦੀ ਸੰਸਦ ਵਿੱਚ ਅਕਸਰ ਉਠਦਾ ਰਿਹਾ ਹੈ।
ਇਸ ਮੁੱਦੇ ‘ਤੇ ਵਿਰੋਧੀ ਧਿਰ ਸਰਕਾਰ ‘ਤੇ ਹਮਲੇ ਕਰ ਰਹੀ ਹੈ। 13,500 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਨੀਰਵ ਮੋਦੀ ਨੇ ਇਕੱਲੇ ਪੰਜਾਬ ਨੈਸ਼ਨਲ ਬੈਂਕ ਨਾਲ 7000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਧੋਖਾਧੜੀ ਤੋਂ ਇਲਾਵਾ ਨੀਰਵ ਮੋਦੀ ‘ਤੇ ਸਬੂਤ ਨਸ਼ਟ ਕਰਨ ਅਤੇ ਗਵਾਹਾਂ ਨੂੰ ਧਮਕਾਉਣ ਦੇ ਦੋਸ਼ ਵੀ ਹਨ। ਹਵਾਲਗੀ ਵਿਰੁੱਧ ਆਪਣੀ ਆਖਰੀ ਅਪੀਲ ਵਿੱਚ ਵੀ ਨੀਰਵ ਮੋਦੀ ਦਾ ਹਾਰ ਜਾਣਾ ਸਰਕਾਰ ਦੀ ਵੱਡੀ ਜਿੱਤ ਹੈ।
ਵੀਡੀਓ ਲਈ ਕਲਿੱਕ ਕਰੋ -: