ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ CM ਮਾਨ ਵੱਲੋਂ ਆਪਣੀ ਟੀਮ ਦਾ ਗਠਨ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ 10 ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਪਰ ਕੈਬਨਿਟ ਮੰਤਰੀਆਂ ਦੀ ਪਹਿਲੀ ਲਿਸਟ ਵਿਚ ਵਿਧਾਇਕ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ ਤੇ ਬਲਜਿੰਦਰ ਕੌਰ ਨੂੰ ਥਾਂ ਨਹੀਂ ਦਿੱਤੀ ਗਈ।
ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੂੰ ਵਧਾਈ ਦਿੱਤੀ। ਮੰਤਰੀ ਨਾ ਬਣਾਏ ਜਾਣ ‘ਤੇ ਵਿਧਾਇਕ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਮੇਰੀ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਨਾਰਾਜ਼ ਹੋਣ ਵਾਲੀ ਮਿੱਟੀ ਦਾ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਪਾਰਟੀ ਦਾ ਵਰਕਰ ਰਿਹਾ ਹਾਂ ਤੇ ਅੱਗੇ ਵੀ ਰਹਾਂਗਾ। ਮੰਤਰੀ ਕਿਸ ਨੂੰ ਬਣਾਉਣਾ ਹੈ ਤੇ ਕਿਸ ਨੂੰ ਨਹੀਂ, ਇਸ ਦਾ ਅਧਿਕਾਰ ਮਾਣਯੋਗ ਮੁੱਖ ਮੰਤਰੀ ਦਾ ਹੁੰਦਾ ਹੈ। CM ਮਾਨ ਨੇ ਜੋ ਵੀ ਫੈਸਲਾ ਲਿਆ ਹੈ, ਉਹ ਪੰਜਾਬ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਲਿਆ ਗਿਆ ਹੈ। ਮੈਂ ਕੰਮ ਵਿਚ ਵਿਸ਼ਵਾਸ ਰੱਖਦਾ ਹਾਂ।
ਹੋਰ ਦੱਸਦਿਆਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਿਆਸਤ ਦਾ ਰਸਤਾ ਬਹੁਤ ਹੀ ਮੁਸ਼ਕਲ ਹੈ ਤੇ ਜਿਨ੍ਹਾਂ ਨੇ ਆਰਾਮ ਫਰਮਾਉਣਾ ਹੈ ਉਹ ਸਿਆਸਤ ਵਿਚ ਨਾ ਆਉਣਾ। ਉਨ੍ਹਾਂ ਕਿਹਾ ਕਿ ਕੰਢਿਆ ਦੀ ਸੇਜ ਨੂੰ ਫੁੱਲਾਂ ਵਿਚ ਕਿਵੇਂ ਤਬਦੀਲ ਕਰਨਾ ਹੈ, ਇਹ ਹੀ ਤਾਂ ਸਿਆਸਤ ਹੈ। ਰਾਜਨੀਤੀ ਵਿਚ ਜਿੰਨੇ ਚੈਲੰਜ ਹੁੰਦੇ ਹਨ ਓਨੇ ਹੀ ਵੱਡੇ ਮੌਕੇ ਹੁੰਦੇ ਹਨ ਤੇ ਜਿਨ੍ਹਾਂ ਨੇ ਆਰਾਮ ਫਰਮਾਇਆ ਹੈ, ਉਨ੍ਹਾਂ ਨੂੰ ਲੋਕਾਂ ਨੇ ਘਰ ਬਿਠਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸੇ ਤਰ੍ਹਾਂ ਜਗਰਾਓਂ ਤੋਂ ਮਹਿਲਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਵਿਧਾਇਕ ਬਣਾਏ ਜਾਣਾ ਹੀ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਮੈਨੂੰ ਮੰਤਰੀ ਬਣਾਏ ਜਾਣ ਦਾ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਪਾਰਟੀ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਤਾਂ ਅਸੀਂ ਦੂਜੀ ਸਰਕਾਰ ਨਾਲ ਲੜਦੇ ਰਹੇ ਤੇ ਹੁਣ ਤਾਂ ਆਪਣੀ ਕੈਬਨਿਟ ਹੈ ਤੇ ਜਿਹੜੇ ਮੁੱਦਿਆਂ ‘ਤੇ ਮੈਂ ਲੜੀ ਸੀ, ਉਨ੍ਹਾਂ ‘ਤੇ ਕੰਮ ਕਰਾਵਾਂਗੀ।
ਇਹ ਵੀ ਪੜ੍ਹੋ : CM ਮਾਨ ਦੇ ਮੰਤਰੀ ਹਰਜੋਤ ਬੈਂਸ ਬੋਲੇ- ‘2024 ‘ਚ ਦੇਸ਼ ਦੇ PM ਬਣਨਗੇ ਅਰਵਿੰਦ ਕੇਜਰੀਵਾਲ’
ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਦੇ ਨਵੀਂ ਕੈਬਨਿਟ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ CM ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰੇਗੀ।