ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੂੰਹ ਨੂੰ ਡੈਣ ਕਹਿ ਕੇ ਤਸ਼ੱਦਦ ਕੀਤਾ ਗਿਆ। ਸਹੁਰਿਆਂ ਨੇ ਔਰਤ ਨੂੰ ਗਰਮ ਰਾਡਾਂ ਨਾਲ ਕੁੱਟਿਆ, ਦੰਦ ਤੋੜ ਦਿੱਤੇ ਅਤੇ ਵਾਲ ਵੀ ਕੱਟ ਦਿੱਤੇ।
ਦੋਸ਼ੀਆਂ ਦੀ ਹੈਵਾਨੀਅਤ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਜੇਸੀਬੀ ਨਾਲ ਟੋਆ ਪੁੱਟ ਕੇ ਔਰਤ ਨੂੰ ਦੱਬਣ ਦੀ ਕੋਸ਼ਿਸ਼ ਵੀ ਕੀਤੀ। ਧੀ ਨਾਲ ਹੋ ਰਹੀ ਬਦਸਲੂਕੀ ਦੀ ਸੂਚਨਾ ਮਿਲਦਿਆਂ ਹੀ ਪਿਤਾ ਸਹੁਰੇ ਘਰ ਪਹੁੰਚਿਆ ਅਤੇ ਕਿਸੇ ਤਰ੍ਹਾਂ ਧੀ ਨੂੰ ਹਸਪਤਾਲ ਦਾਖਲ ਕਰਵਾਇਆ। ਇਹ ਸ਼ਰਮਨਾਕ ਘਟਨਾ ਜ਼ਿਲ੍ਹੇ ਦੇ ਜਹਾਜ਼ਪੁਰ ਸਬ-ਡਿਵੀਜ਼ਨ ਦੀ ਹੈ।
ਪੀੜਤ ਕੁੜੀ ਦੇ ਪਿਤਾ ਨੇ ਦੋਸ਼ੀ ਸਹੁਰੇ ਖਿਲਾਫ ਥਾਣੇ ‘ਚ ਸ਼ਿਕਾਇਤ ਦਿੱਤੀ ਹੈ। ਪਿਤਾ ਨੇ ਦੱਸਿਆ ਕਿ ਸਾਲ 2021 ‘ਚ ਉਸ ਨੇ ਆਪਣੀ ਬੇਟੀ ਦਾ ਵਿਆਹ ਅਜਮੇਰ ਦੇ ਇਕ ਪਿੰਡ ‘ਚ ਕੀਤਾ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰੇ ਵਾਲਿਆਂ ਨੇ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਕੁੱਟਮਾਰ ਕੀਤੀ ਗਈ ਅਤੇ ਤਸ਼ੱਦਦ ਕੀਤਾ ਗਿਆ। ਸਹੁਰਿਆਂ ਨੇ ਉਸ ਨੂੰ ਪੇਕੇ ਭੇਜਣਾ ਬੰਦ ਕਰ ਦਿੱਤਾ ਸੀ। ਇਸ ਦੌਰਾਨ ਧੀ ਨੇ ਇੱਕ ਪੁੱਤ ਨੂੰ ਜਨਮ ਦਿੱਤਾ।
ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੇ ਆਪਣੀ ਹੈਸੀਅਤ ਮੁਤਾਬਕ ਬੇਟੀ ਦਾ ਵਿਆਹ ਕੀਤਾ ਸੀ। ਵਿਆਹ ਵਿੱਚ ਭਾਂਡੇ, ਪੱਖੇ, ਕੂਲਰ, ਟੀ.ਵੀ., ਅਲਮਾਰੀ ਅਤੇ ਸੋਨੇ-ਚਾਂਦੀ ਦੇ ਗਹਿਣੇ ਸਣੇ ਹੋਰ ਸਾਮਾਨ ਅਤੇ 30 ਹਜ਼ਾਰ ਰੁਪਏ ਨਕਦ ਦਿੱਤੇ ਗਏ। ਇਸ ਤੋਂ ਬਾਅਦ ਵੀ ਸਹੁਰੇ ਵਾਲਿਆਂ ਨੇ ਉਸ ਦੀ ਧੀ ਨੂੰ ਡੈਣ ਕਹਿ ਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਆਏ ਦਿਨ ਉਸ ਨੂੰ ਕੁੱਟਦੇ ਸਨ।
24 ਜੂਨ ਨੂੰ ਬਜ਼ੁਰਗ ਪਿਤਾ ਨੂੰ ਸੂਚਨਾ ਮਿਲੀ ਕਿ ਉਸ ਦੇ ਸਹੁਰੇ ਵਾਲਿਆਂ ਨੇ ਉਸ ਦੀ ਧੀ ਨੂੰ ਡੈਣ ਕਹਿ ਕੇ ਬੁਰੀ ਤਰ੍ਹਾਂ ਕੁੱਟਿਆ ਹੈ। ਇਸ ਨਾਲ ਉਸ ਦੇ ਦੰਦ ਟੁੱਟ ਗਏ। ਉਨ੍ਹਾਂ ਨੇ ਉਸ ਦੇ ਵਾਲ ਕੱਟ ਦਿੱਤੇ ਅਤੇ ਉਸ ਦੇ ਸਰੀਰ ਨੂੰ ਗਰਮ ਰਾਡਾਂ ਨਾਲ ਸਾੜ ਦਿੱਤਾ। ਜੇਸੀਬੀ ਬੁਲਾ ਕੇ ਉਸ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। 26 ਜੂਨ ਨੂੰ ਪੀੜਤਾ ਦਾ ਪਿਤਾ ਸਮਾਜ ਦੇ ਲੋਕਾਂ ਅਤੇ ਪੁਲਿਸ ਨੂੰ ਨਾਲ ਲੈ ਕੇ ਧੀ ਦੇ ਸਹੁਰੇ ਘਰ ਪਹੁੰਚਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਭੀਲਵਾੜਾ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : CM ਮਾਨ ਦੇ ਥਰਮਲ ਪਲਾਂਟ ਵਾਲੇ ਐਲਾਨ ‘ਤੇ ਬੋਲੇ ਕੇਜਰੀਵਾਲ- ‘ਪ੍ਰਾਈਵੇਟ ਤੋਂ ਵੱਧ ਸਸਤੀ ਬਿਜਲੀ ਬਣਾਵਾਂਗੇ’
ਦੂਜੇ ਪਾਸੇ ਪੁਲਿਸ ਨੇ ਬਜ਼ੁਰਗ ਦੇ ਪਿਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਹਾਲਤ ‘ਚ ਸੁਧਾਰ ਹੋਣ ਤੋਂ ਬਾਅਦ ਉਸ ਦੇ ਬਿਆਨ ਲਏ ਜਾਣਗੇ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਔਰਤ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: