ਨਵਾਂਸ਼ਹਿਰ : ਕਾਠਗੜ੍ਹ ਥਾਣੇ ਦੀ ਵੱਲੋਂ ਇੱਕ ਔਰਤ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ, ਜੋ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ ਪੈਸੇ ਠੱਗਦੀ ਸੀ। ਪੈਸੇ ਨਾ ਦੇਣ ’ਤੇ ਉਹ ਨੌਜਵਾਨਾਂ ਖ਼ਿਲਾਫ਼ ਬਲਾਤਕਾਰ ਦੀਆਂ ਸ਼ਿਕਾਇਤਾਂ ਦੇ ਕੇ ਝੂਠਾ ਕੇਸ ਦਰਜ ਕਰਵਾਉਂਦੀ ਸੀ।
ਸਿਰਫ ਇੰਨਾ ਹੀ ਨਹੀਂ ਉਹ ਮਾਮਲਾ ਰੱਦ ਕਰਾਉਣ ਲਈ ਵਿਆਹ ਕਰਵਾਉਂਦੀ ਅਤੇ ਇਸਦੇ ਬਾਵਜੂਦ ਉਹ ਪੈਸਿਆਂ ਦੀ ਮੰਗ ਜਾਰੀ ਰੱਖਦੀ। ਅਜਿਹੇ ਹੀ ਇੱਕ ਪੀੜਤ ਵੱਲੋਂ ਮਾਮਲੇ ਸੰਬੰਧੀ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਵੱਲੋਂ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਔਰਤ ਦੀ ਸਾਰੀ ਖੇਡ ਦਾ ਖੁਲਾਸਾ ਹੋਇਆ।
ਪੁਲਿਸ ਨੇ ਜਾਂਚ ਦੇ ਅਧਾਰ ‘ਤੇ ਸਾਹਮਣੇ ਆਏ ਤੱਥਾਂ ਦੇ ਅਧਾਰ ‘ਤੇ ਔਰਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਔਰਤ ਖ਼ਿਲਾਫ਼ ਆਈਪੀਸੀ ਦੀ ਧਾਰਾ 420,494 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਕਾਠਗੜ੍ਹ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਕਿਸ਼ਨਪੁਰਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦਿੱਤੀ ਸੀ ਕਿ ਸੋਸ਼ਲ ਮੀਡੀਆ ਰਾਹੀਂ ਉਸ ਦੀ ਜਲੰਧਰ ਦੀ ਇਕ ਔਰਤ ਨਾਲ ਦੋਸਤੀ ਹੋ ਗਈ।
ਔਰਤ ਨੇ ਉਸਨੂੰ ਜਲੰਧਰ ਬੁਲਾਇਆ ਅਤੇ ਉਥੇ ਕੁਝ ਸਮੇਂ ਲਈ ਇੱਕ ਹੋਟਲ ਵਿੱਚ ਰੁਕੇ। ਜਦੋਂ ਉਹ ਬਾਹਰ ਆਇਆ ਤਾਂ ਔਰਤ ਨੇ ਉਸ ਨੂੰ 5-6 ਲੋਕਾਂ ਨਾਲ ਮਿਲਵਾਇਆ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਪਰ ਇਨ੍ਹਾਂ ਲੋਕਾਂ ਨਾਲ ਮੁਲਾਕਾਤ ਤੋਂ ਬਾਅਦ ਨੌਜਵਾਨ ਦੀ ਮਹਿਲਾ ਦੋਸਤ ਦੇ ਤੇਵਰ ਬਦਲ ਗਏ।
ਉਸਨੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਕਿ ਨੌਜਵਾਨ ਨੇ ਉਸ ਨਾਲ ਹੋਟਲ ਵਿੱਚ ਜ਼ਬਰਦਸਤੀ ਕੀਤੀ ਅਤੇ 3 ਲੱਖ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਕਿਸੇ ਤਰ੍ਹਾਂ ਇਸ ਗਿਰੋਹ ਦੇ ਚੁੰਗਲ ਤੋਂ ਛੁੱਟ ਕੇ ਪਿੰਡ ਪਹੁੰਚ ਗਿਆ। ਔਰਤ ਨੇ ਉਸਨੂੰ ਫੋਨ ’ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਪੀੜਤ ਨੇ ਨਵਾਂਸ਼ਹਿਰ ਬੱਸ ਅੱਡੇ ‘ਤੇ ਔਰਤ ਨੂੰ 50 ਹਜ਼ਾਰ ਰੁਪਏ ਦਿੱਤੇ, ਪਰ ਔਰਤ ਢਾਈ ਲੱਖ ਰੁਪਏ ਹੋਰ ਮੰਗਣ ਲੱਗੀ।
ਨੌਜਵਾਨ ਨੇ ਔਰਤ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਪਰ ਔਰਤ ਨੇ ਥਾਣਾ ਕਾਠਗੜ ਵਿੱਚ ਨੌਜਵਾਨ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰ ਦਿੱਤਾ। ਔਰਤ ਨੇ ਉਸਨੂੰ ਦੁਬਾਰਾ ਬੁਲਾਇਆ ਕਿ ਉਹ ਕੇਸ ਰੱਦ ਕਰ ਦੇਵੇਗੀ, ਜੇ ਉਹ ਉਸਨੂੰ ਬਣਦੀ ਰਕਮ ਦੇ ਦੇਵੇਗਾ, ਜਿਸ ਕਾਰਨ ਨੌਜਵਾਨ ਨੇ ਉਸ ਨੂੰ ਹੋਰ 50 ਹਜ਼ਾਰ ਰੁਪਏ ਦੇ ਦਿੱਤੇ।
ਔਰਤ ਨੇ ਉਸਨੂੰ ਝੂਠਾ ਵਿਆਹ ਕਰਾਉਣ ਲਈ ਕਿਹਾ, ਜਿਸ ਕਾਰਨ ਔਰਤ ਨੇ ਉਸ ਨਾਲ ਹੁਸ਼ਿਆਰਪੁਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾ ਲਿਆ, ਪਰ ਔਰਤ ਉਸਦੇ ਨਾਲ ਨਹੀਂ ਆਈ ਅਤੇ ਉਸ ਦੇ ਕੋਲੋਂ 30 ਹਜ਼ਾਰ ਰੁਪਏ ਲੈ ਕੇ ਬਲਾਤਕਾਰ ਦਾ ਕੇਸ ਰੱਦ ਕਰਵਾਉਣ ਲਈ ਅਦਾਲਤ ਵਿੱਚ ਬਿਆਨ ਦੇ ਦਿੱਤੇ।
ਇਹ ਵੀ ਪੜ੍ਹੋ : ਡਾਕ ਵਿਭਾਗ ਵੱਲੋਂ ਨਵੀਂ ਸ਼ੁਰੂਆਤ- ਘਰ ਬੈਠੇ ਮਿਲੇਗਾ ਮਾਤਾ ਵੈਸ਼ਣੋ ਦੇਵੀ ਤੇ ਕਾਸ਼ੀ ਵਿਸ਼ਵਨਾਥ ਦਾ ਪ੍ਰਸ਼ਾਦ
ਬਾਕੀ ਪੈਸੇ ਦੀ ਅਦਾਇਗੀ ਕਰਨ ਤੋਂ ਬਾਅਦ ਔਰਤ ਨੇ ਉਸਦੇ ਅਤੇ ਉਸਦੇ ਪਰਿਵਾਰ ਖਿਲਾਫ ਮਾਰਕੁੱਟ ਦੇ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ। ਜਾਂਚ ਵਿੱਚ ਪਤਾ ਲੱਗਿਆ ਕਿ ਔਰਤ ਨੇ ਪਿੰਡ ਭਰਤ ਕਲਾਂ ਦੇ ਇਕ ਨੌਜਵਾਨ ਨਾਲ ਇਸੇ ਤਰ੍ਹਾਂ ਧੋਖਾਧੜੀ ਕੀਤੀ ਸੀ ਅਤੇ ਉਸ ਨਾਲ ਵਿਆਹ ਕਰਵਾ ਲਿਆ ਸੀ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਔਰਤ ਨੇ ਕਈ ਵਿਆਹ ਕੀਤੇ ਸਨ ਅਤੇ ਲੋਕਾਂ ਨਾਲ ਧੋਖਾ ਕੀਤਾ ਸੀ।