ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਫ਼ੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਜ਼ੇਲੇਂਸਕੀ ਨੇ ‘ਸ਼ਾਂਤੀ ਫਾਰਮੂਲਾ’ ਲਾਗੂ ਕਰਨ ਲਈ ਭਾਰਤ ਦਾ ਸਮਰਥਨ ਮੰਗਿਆ। ਜ਼ੇਲੇਂਸਕੀ ਨੇ ਜੀ-20 ਦੀ ਭਾਰਤ ਦੀ ਸਫਲ ਪ੍ਰਧਾਨਗੀ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ।
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕੀਤੀ। ਅਧਿਕਾਰਤ ਬਿਆਨ ਮੁਤਾਬਕ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਆਪਣੇ ਮਤਭੇਦਾਂ ਦਾ ਸਥਾਈ ਹੱਲ ਲੱਭਣ ਲਈ ਗੱਲਬਾਤ ਅਤੇ ਕੂਟਨੀਤੀ ਵੱਲ ਮੁੜਨਾ ਚਾਹੀਦਾ ਹੈ। ਇਸ ਦੌਰਾਨ ਪੀਐਮ ਨੇ ਜ਼ੇਲੇਂਸਕੀ ਦੇ ਸ਼ਾਂਤੀ ਯਤਨਾਂ ਵਿੱਚ ਭਾਰਤ ਦੇ ਸਮਰਥਨ ਬਾਰੇ ਗੱਲ ਕੀਤੀ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਰੂਸ ਯੂਕਰੇਨ ਵਿੱਚ ਜੰਗ ਖ਼ਤਮ ਕਰਨ ਲਈ ਗੱਲਬਾਤ ਲਈ ਤਿਆਰ ਹੈ।
ਜ਼ੇਲੇਂਸਕੀ ਨੇ ਟਵੀਟ ਕੀਤਾ, ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਜੀ-20 ਦੀ ਸਫਲ ਪ੍ਰਧਾਨਗੀ ਦੀ ਕਾਮਨਾ ਕੀਤੀ। ਇਸ ਪਲੇਟਫਾਰਮ ‘ਤੇ ਹੀ ਮੈਂ ਸ਼ਾਂਤੀ ਫਾਰਮੂਲੇ ਦੀ ਘੋਸ਼ਣਾ ਕੀਤੀ ਅਤੇ ਹੁਣ ਮੈਂ ਇਸ ਨੂੰ ਲਾਗੂ ਕਰਨ ਵਿੱਚ ਭਾਰਤ ਦੀ ਹਿੱਸੇਦਾਰੀ ਦੀ ਉਮੀਦ ਕਰਦਾ ਹਾਂ। ਮੈਂ ਸੰਯੁਕਤ ਰਾਸ਼ਟਰ ਵਿੱਚ ਮਾਨਵਤਾਵਾਦੀ ਸਹਾਇਤਾ ਅਤੇ ਸਮਰਥਨ ਲਈ ਵੀ ਧੰਨਵਾਦ ਕੀਤਾ।
ਜ਼ੇਲੇਂਸਕੀ ਨੇ ਕਿਹਾ, ”ਮੈਂ ਆਪਣੇ ਸ਼ਾਂਤੀ ਫਾਰਮੂਲੇ ‘ਤੇ ਵੀ ਭਾਰਤ ਤੋਂ ਸਮਰਥਨ ਮੰਗਿਆ ਹੈ।” ਬਾਲੀ ‘ਚ ਆਯੋਜਿਤ ਜੀ-20 ਸੰਮੇਲਨ ‘ਚ ਵਰਚੁਅਲ ਸੰਬੋਧਨ ਦੌਰਾਨ ਜ਼ੇਲੇਂਸਕੀ ਨੇ ਸਾਰਿਆਂ ਦੇ ਸਾਹਮਣੇ 10 ਸੂਤਰੀ ‘ਸ਼ਾਂਤੀ ਫਾਰਮੂਲਾ’ ਰੱਖਿਆ। ਇਸ ‘ਚ ਉਨ੍ਹਾਂ ਨੇ ਜੰਗੀ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ, ਯੂਕਰੇਨ ਤੋਂ ਰੂਸੀ ਫੌਜਾਂ ਦੀ ਵਾਪਸੀ ਅਤੇ ਦੇਸ਼ ਦੀ ਖੇਤਰੀ ਅਖੰਡਤਾ ਨੂੰ ਬਹਾਲ ਕਰਨ ਦੀ ਗੱਲ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਊਰਜਾ ਸੁਰੱਖਿਆ, ਭੋਜਨ ਸੁਰੱਖਿਆ ਅਤੇ ਪ੍ਰਮਾਣੂ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ੌਫ਼, ਸਾਰੇ ਰਾਜਾਂ ‘ਚ ਅੱਜ ਮੌਕ ਡਰਿੱਲ, ਤਿਆਰੀਆਂ ਦਾ ਲਿਆ ਜਾਵੇਗਾ ਜਾਇਜ਼ਾ
ਪੀਐਮਓ ਮੁਤਾਬਕ ਪੀਐਮ ਮੋਦੀ ਨੇ ਅਪੀਲ ਕੀਤੀ ਹੈ ਕਿ ਯੂਕਰੇਨ ਪ੍ਰਸ਼ਾਸਨ ਜੰਗ ਦੀ ਸ਼ੁਰੂਆਤ ਵਿੱਚ ਵਾਪਸ ਪਰਤੇ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਪ੍ਰਬੰਧ ਕਰੇ। ਪੀ.ਐੱਮ. ਮੋਦੀ ਨੇ ਯੂਕਰੇਨ ਵਿੱਚ ਮਨੁੱਖਤਾਵਾਦੀ ਸਹਾਇਤਾ ਜਾਰੀ ਰੱਖਣ ਦਾ ਭਰੋਸਾ ਵੀ ਦਿੱਤਾ। ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਨੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੁੱਦੇ ‘ਤੇ ਵੀ ਚਰਚਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: