ਪੰਜਾਬ ਵਿੱਚ ਕੜਾਕੇ ਦੀ ਪੈ ਰਹੀ ਗਰਮੀ ਵਿਚਾਲੇ ਬਿਜਲੀ ਸਪਲਾਈ ਵਿੱਚ ਰੁਕਾਵਟ ਪਾਉਣ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਰਾਜਪੁਰਾ ਥਰਮਲ ਪਲਾਂਟ ਨੂੰ ਕੋਲਾ ਸਪਲਾਈ ਕਰਨ ਲਈ ਵਿਛਾਏ ਗਏ ਰੇਲ ਟ੍ਰੈਕ ਨੂੰ ਨੁਕਸਾਨਿਆ ਗਿਆ ਹੈ। ਇਸ ਤਹਿਤ ਪਿੰਡ ਸਰਾਏ ਬੰਜਾਰਾ ਤੋਂ ਰਾਜਪੁਰਾ ਥਰਮਲ ਪਲਾਂਟ ਨੂੰ ਜਾਣ ਵਾਲੇ ਰੇਲ ਟਰੈਕ ਤੋਂ ਸ਼ੁੱਕਰਵਾਰ ਰਾਤ ਨੂੰ 1200 ਕਲਿੱਪ ਉਖਾੜ ਦਿੱਤੇ ਗਏ।
ਹਾਲਾਂਕਿ ਕੋਲਾ ਲੈ ਕੇ ਆ ਰਹੇ ਦੋ ਰੈਕ ਇਸ ਟਰੈਕ ਤੋਂ ਸ਼ਨੀਵਾਰ ਸਵੇਰੇ ਲੰਘ ਗਏ ਤੇ ਖੁਸ਼ਕਿਸਮਤੀ ਨਾਲ ਕੋਈ ਹਾਦਸਾ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਦਸਾ ਹੋ ਵੀ ਸਕਦਾ ਸੀ ਕਿਉਂਕਿ ਇਹ ਕਲਿੱਪ ਲਾਈਨ ਨੂੰ ਪਕੜ ਵਿੱਚ ਲਿਆਉਣ ਲਈ ਲਾਏ ਜਾਂਦੇ ਹਨ।
ਖਾਸ ਗੱਲ ਇਹ ਹੈ ਕਿ ਇਹ ਘਟਨਾ ਉਸ ਦਿਨ ਹੋਈ, ਜਦੋਂ ਸਿੱਖ ਫਾਰ ਜਸਟਿਸ ਨੇ ਰੇਲ ਰੋਕੋ ਦਾ ਸੱਦਾ ਦਿੱਤਾ ਹੋਇਆ ਸੀ। ਦੂਜੇ ਪਾਸੇ ਰੇਲ ਟਰੈਕ ਨਾਲ ਹੋਈ ਛੇੜਛਾੜ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਰੇਲਵੇ ਤੇ ਪੰਜਾਬ ਪੁਲਿਸ ਅਲਰਟ ਹੋ ਗਈ ਹੈ ਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸੰਬੰਧਤ ਥਾਣਾ ਸਦਰ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਰੇਲ ਲਾਈਨ ਤੋਂ ਲੋਹੇ ਦੇ ਕਲਿੱਪ ਸਿਰਫ ਚੋਰੀ ਦੀ ਇੱਕ ਘਟਨਾ ਹੈ ਜਾਂ ਇਸ ਪਿੱਛੇ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਪੈਦਾ ਕਰਨ ਦੀ ਸਾਜ਼ਿਸ਼ ਸੀ। ਜਾਂਚ ਪੂਰੀ ਹੋਣ ਮਗਰੋਂ ਮਾਮਲੇ ਵਿੱਚ ਅੱਗੇ ਕਾਰਵਾਈ ਕੀਤੀ ਜਾਏਗੀ।
ਰਾਜਪੁਰਾ ਰੇਲਵੇ ਪੁਲਿਸ ਚੌਂਕੀ ਇੰਚਾਰਜ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ, ਜਿਸ ਬਾਰੇ ਸ਼ਨੀਵਾਰ ਸਵੇਰੇ ਪਤਾ ਲੱਗਾ। ਰਾਜਪੁਰਾ ਥਰਮਲ ਪਲਾਂਟ ਨੂੰ ਕੋਲੇ ਦੀ ਸਪਲਾਈ ਕਰਨ ਲਈ ਵਿਛਾਈ ਗਈ ਰੇਲ ਲਾਈਨ ਤੋਂ 1200 ਲੋਹੇ ਦੇ ਕਲਿੱਪ ਉਖਾੜੇ ਗਏ ਹਨ। ਇਹ ਘਟਨਾ ਪਿੰਡ ਸਰਾਏ ਬੰਜਾਰਾ ਤੋੰ ਥਰਮਲ ਪਲਾਂਟ ਵਿਚਾਲੇ ਵਿਛੇ ਰੇਲਵੇ ਲਾਈਨ ‘ਤੇ ਅੱਧਾ ਕਿਲੋਮੀਟਰ ਦੇ ਏਰੀਆ ਵਿੱਚ ਹੋਈ ਹੈ। ਉਨ੍ਹਾਂ ਮੰਨਿਆ ਕਿ ਜੇ ਕਲਿੱਪ ਕੱਢ ਦਿੱਤੇ ਜਾਣ ਤਾਂ ਗੱਡੀ ਪਟੜੀ ਤੋਂ ਉਤਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਵੀ ਇਸ ਰੇਲ ਟਰੈਕ ਤੋਂ 60 ਕਲਿੱਪ ਕੱਢੇ ਗਏ ਸਨ ਪਰ ਸਮਾਂ ਰਹਿੰਦੇ ਪਤਾ ਲੱਗਣ ਨਾਲ ਹਾਦਸਾ ਹੋਣ ਤੋਂ ਟਲ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਦੋ ਹੋਰ ਪ੍ਰਾਈਵੇਟ ਥਰਮਲ ਪਲਾਂਟਾਂ ਤਲਵੰਡੀ ਸਾਬੋ ਤੇ ਗੋਇੰਦਵਾਲ ਨੂੰ ਜਾਣ ਵਾਲੀਆਂ ਰੇਲ ਲਾਈਨਾਂ ਨੂੰ ਵੀ ਸਾਵਧਾਨੀ ਪੱਖੋਂ ਚੈੱਕ ਕੀਤਾ ਗਿਆ ਹੈ। ਦੱਸ ਦੇਈਏ ਕਿ ਰਾਜਪੁਰਾ ਥਰਮਲ ਪਲਾਂਟ ਦੇ 700-70 ਮੇਗਾਵਾਟ ਦੇ ਦੋ ਥਰਮਲ ਪਲਾਂਟ ਹਨ। ਪੰਜਾਬ ਬਿਜਲੀ ਸਪਲਾਈ ਲਈ ਇਸ ਪਲਾਂਟ ‘ਤੇ ਕਾਫੀ ਨਿਰਭਰ ਹੈ।