ਦੱਖਣੀ ਨਾਈਜੀਰੀਆ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਚਰਚ ਦੇ ਪ੍ਰੋਗਰਾਮ ਦੌਰਾਨ ਮਚੀ ਭਗਦੜ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੁਲਸ ਮੁਤਾਬਕ ਇਹ ਘਟਨਾ ਦੱਖਣੀ ਨਾਈਜੀਰੀਆ ਦੇ ਪੋਰਟ ਹਰਕੋਰਟ ਸ਼ਹਿਰ ਦੇ ਇਕ ਚਰਚ ‘ਚ ਵਾਪਰੀ। ਪੁਲਿਸ ਨੇ ਦੱਸਿਆ ਕਿ ਖਾਣਾ ਵੰਡਣ ਦੌਰਾਨ ਭਗਦੜ ਮੱਚ ਗਈ। ਪੁਲਿਸ ਮੁਤਾਬਕ ਸਮਾਗਮ ਵਾਲੀ ਥਾਂ ਦੇ ਗੇਟ ‘ਤੇ ਹੀ ਭਾਰੀ ਭੀੜ ਇਕੱਠੀ ਹੋ ਗਈ। ਇਸ ਭੀੜ ‘ਚ ਕੁਝ ਲੋਕਾਂ ਨੂੰ ਜ਼ਮੀਨ ‘ਤੇ ਧੱਕਾ ਦਿੱਤਾ ਗਿਆ ਅਤੇ ਕੁਝ ਲੋਕਾਂ ਨੂੰ ਕੁਚਲ ਦਿੱਤਾ ਗਿਆ। ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।
ਰਿਵਰ ਸਟੇਟ ਪੁਲਿਸ ਦੇ ਬੁਲਾਰੇ ਗ੍ਰੇਸ ਇਰਿੰਜ-ਕੋਕੋ ਨੇ ਕਿਹਾ ਕਿ ਸੈਂਕੜੇ ਲੋਕ ਜੋ ਸ਼ਨੀਵਾਰ ਤੜਕੇ ਖਾਣਾ ਲੈਣ ਲਈ ਚਰਚ ਪਹੁੰਚੇ ਸਨ, ਇੱਕ ਗੇਟ ਤੋੜ ਕੇ ਅੰਦਰ ਚਲੇ ਗਏ, ਜਿਸ ਨਾਲ ਭਗਦੜ ਮਚ ਗਈ।
ਬੁਲਾਰੇ ਨੇ ਅੱਗੇ ਕਿਹਾ, ‘ਕੁਝ ਲੋਕ ਪਹਿਲਾਂ ਹੀ ਇੱਥੇ ਮੌਜੂਦ ਸਨ ਅਤੇ ਕੁਝ ਲੋਕ ਬਾਅਦ ਵਿੱਚ ਹੋਰ ਇਕੱਠੇ ਹੋ ਗਏ ਅਤੇ ਭੱਜਣ ਲੱਗੇ, ਜਿਸ ਕਾਰਨ ਇੱਥੇ ਭਗਦੜ ਮੱਚ ਗਈ। ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਨਾਈਜੀਰੀਆ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਭੋਜਨ ਦੀ ਵੰਡ ਨੂੰ ਲੈ ਕੇ ਭਗਦੜ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਵਿੱਚ ਉੱਤਰੀ ਬੋਰਨੋ ਰਾਜ ਵਿੱਚ ਇੱਕ ਸਹਾਇਤਾ ਏਜੰਸੀ ਫੂਡ ਪ੍ਰੋਗਰਾਮ ਵੀ ਸ਼ਾਮਲ ਹੈ ਜਿੱਥੇ ਪਿਛਲੇ ਸਾਲ ਸੱਤ ਔਰਤਾਂ ਨੂੰ ਕੁਚਲਿਆ ਗਿਆ ਸੀ।