ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦਾ ਪਿੰਡ ਪਲਹੇੜੀ ਅੱਜ ਕੱਲ੍ਹ ਹਰ ਜਗ੍ਹਾ ਚਰਚਾ ਵਿੱਚ ਆ ਗਿਆ ਹੈ, ਇਸ ਦਾ ਕਾਰਨ ਹੈ ਇਥੇ ਦੀ ਪੰਚਾਇਤੀ ਜ਼ਮੀਨ ਦੀ ਸਭ ਤੋਂ ਮਹਿੰਗੇ ਭਾਅ ‘ਤੇ ਸਾਲ ਲਈ ਬੋਲੀ ਲੱਗਣਾ। ਇਸ ਪਿੰਡ ਵਿੱਚ 4 ਏਕੜ ਪੰਚਾਇਤੀ ਜ਼ਮੀਨ ਨੂੰ ਇੱਕ ਸਾਲ ਲਈ 33 ਲੱਖ ਰੁਪਏ ਵਿੱਚ ਠੇਕੇ ‘ਤੇ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਇਸ ਜ਼ਮੀਨ ਨੂੰ ਲੀਜ਼ ‘ਤੇ ਲੈਣ ਲਈ ਬੋਲੀ ਲਾਈ ਜਾ ਰਹੀ ਸੀ ਤਾਂ ਦੋ ਜ਼ਿਮੀਂਦਾਰ ਧਿਰਾਂ ਇਸ ਦੀ ਬੋਲੀ ਲਾ ਰਹੀਆਂ ਸਨ। ਆਪਸੀ ਖਹਿਬਾਜ਼ੀ ਕਰਕੇ ਉਹ ਅੱਗੇ ਤੋਂ ਅੱਗੇ ਬੋਲੀ ਦਿੰਦੀਆਂ ਗਈਆਂ, ਬੋਲੀ ਚੜ੍ਹਦੇ-ਚੜ੍ਹਦੇ 33.10 ਲੱਖ ‘ਤੇ ਪਹੁੰਚ ਗਈ ਤੇ ਪਰਗਟ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਇਹ ਜ਼ਮੀਨ ਠੇਕੇ ‘ਤੇ ਲੈ ਲਈ।
ਦੋਹਾਂ ਧਿਰਾਂ ਦੀ ਆਪਸੀ ਖਹਿਬਾਜ਼ੀ ਦਾ ਫਾਇਦਾ ਇਸ ਪਿੰਡ ਨੂੰ ਹੋ ਗਿਆ। ਪੰਚਾਇਤ ਹੁਣ ਇਸ ਜ਼ਮੀਨ ਨੂੰ ਪਿੰਡ ਦੇ ਵਿਕਾਸ ਲਈ ਇਸਤੇਮਾਲ ਕਰੇਗੀ।
ਹਾਲਾਂਕਿ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਇਥੇ ਹੁਣ ਕਾਫੀ ਕੰਪਨੀਆਂ ਆ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਕੰਪਨੀ ਨੇ ਇਸ ਜ਼ਮੀਨ ਨੂੰ ਇੱਕ ਸਾਲ ਲਈ ਠੇਕੇ ‘ਤੇ ਲੈਣਾ ਹੈ। ਪਰ ਕੀਤੇ ਗਏ ਐਗਰੀਮੈਂਟ ਮੁਤਾਬਕ ਠੇਕੇ ‘ਤੇ ਲੈਣ ਵਾਲਾ ਕਿਸਾਨ ਇਸ ਜ਼ਮੀਨ ਵਿੱਚ ਕਿਸੇ ਕੰਪਨੀ ਦੇ ਝੰਡੇ, ਬੋਰਡ ਵਗੈਰਾ ਨਹੀਂ ਲਾਏਗਾ ਤੇ ਠੇਕਾ ਪੂਰਾ ਹੋਣ ‘ਤੇ ਸਾਲ ਬਾਅਦ ਇਸ ਜ਼ਮੀਨ ਨੂੰ ਖਾਲੀ ਕਰ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: