507 New corona cases : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੁਣ ਘਟਣ ਲੱਗੇ ਹਨ। ਅੱਜ ਸ਼ੁੱਕਰਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 507 ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਉਥੇ ਹੀ ਅੱਜ ਇਸ ਮਹਾਮਾਰੀ ਨਾਲ 26 ਲੋਕਾਂ ਨੇ ਦਮ ਤੋੜਿਆ। ਦੂਜੇ ਪਾਸੇ ਸੂਬੇ ’ਚ 979 ਮਰੀਜ਼ਾਂ ਨੂੰ ਠੀਕ ਹੋਣ ’ਤੇ ਘਰਾਂ ਲਈ ਰਵਾਨਾ ਕੀਤਾ ਗਿਆ। ਦੱਸਣਯੋਗ ਹੈ ਕਿ ਅੱਜ ਸੂਬੇ ਵਿੱਚ ਕੋਰੋਨਾ ਨਾਲ ਬਠਿੰਡਾ, ਗੁਰਦਾਸਪੁਰ, ਮੋਹਾਲੀ ਤੇ ਪਠਾਨਕੋਟ ਤੋਂ ਕੋਰੋਨਾ ਨਾਲ ਇੱਕ- ਇੱਕ, ਫਿਰੋਜ਼ਪੁਰ, ਹੁਸ਼ਿਆਰਪੁਰ, ਰੋਪੜ ਤੇ ਤਰਨਤਾਰਨ ਤੋਂ 2-2, ਜਲੰਧਰ ਵਿੱਚ ਤਿੰਨ, ਲੁਧਿਆਣਾ ਵਿੱਚ 5 ਤੇ ਸਭ ਤੋਂ ਵੱਧ ਅੰਮ੍ਰਿਤਸਰ ਵਿੱਚ 6 ਮੌਤਾਂ ਹੋਈਆਂ।
ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ ਕੋਰੋਨਾ ਦੇ 126737 ਮਾਮਲੇ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 116165 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਅਜੇ ਵੀ ਸੂਬੇ ਵਿੱਚ 6592 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 147 ਮਰੀਜ਼ ਆਕਸੀਜਨ ਸੁਪੋਰਟ ‘ਤੇ ਹਨ, ਜਦਕਿ 21 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸੂਬੇ ਵਿੱਚ 3980 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ 2274772 ਸੈਂਪਲ ਲਏ ਜਾ ਚੁੱਕੇ ਹਨ। ਅੱਜ ਵੀ 27341 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ। ਹਾਲਾਂਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਰਹੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਆਪਣੇ ਬਚਾਅ ਲਈ ਅਪੀਲ ਕੀਤੀ ਜਾ ਰਹੀ ਹੈ।