ਹਰਿਆਣਾ ਦੇ ਫਰੀਦਾਬਾਦ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਫਰੀਦਾਬਾਦ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਸਾਈਬਰ ਫਰਾਡ ਦੇ ਲਿੰਕ ਚੀਨ ਨਾਲ ਵੀ ਜੁੜੇ ਹਨ। ਹੁਣ ਤੱਕ ਪੁਲਿਸ ਨੇ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਕੋਲੋਂ ਵੱਖ-ਵੱਖ ਬੈਂਕਾਂ ਦੀਆਂ ਪਾਸਬੁੱਕਾਂ ਅਤੇ ਚੈੱਕ ਬੁੱਕਾਂ ਸਮੇਤ 14 ਲੱਖ ਰੁਪਏ ਦੀ ਨਕਦੀ ਅਤੇ ਸੈਂਕੜੇ ਸਿਮ ਕਾਰਡ, ਮੋਬਾਈਲ ਫ਼ੋਨ, ਏਟੀਐਮ ਕਾਰਡ ਬਰਾਮਦ ਕੀਤੇ ਗਏ ਹਨ। ਫਰੀਦਾਬਾਦ ਦੇ ਸੈਕਟਰ-15 ਦੀ ਰਹਿਣ ਵਾਲੀ ਇਕ ਲੜਕੀ ਨਾਲ ਕਰੀਬ 7 ਕਰੋੜ 59 ਲੱਖ ਰੁਪਏ ਦੀ ਠੱਗੀ ਕੀਤੀ ਗਈ ਸੀ।
ਜਾਣਕਾਰੀ ਮੁਤਾਬਕ ਦੋਸ਼ੀ ਸਟਾਕ ਮਾਰਕੀਟ ਦੇ ਨਾਂ ‘ਤੇ ਲੋਕਾਂ ਨੂੰ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ। ਇਨ੍ਹਾਂ ਦੋਸ਼ੀਆਂ ਦੇ ਚੀਨ ਨਾਲ ਸਬੰਧ ਹਨ। ਉਹ ਪਹਿਲਾਂ ਲੋਕਾਂ ਨੂੰ ਸਟਾਕ ਮਾਰਕੀਟ ਵਿੱਚ ਮੋਟਾ ਮੁਨਾਫ਼ਾ ਕਮਾਉਣ ਦੇ ਜਾਲ ਵਿੱਚ ਫਸਾਉਂਦੇ ਹਨ ਅਤੇ ਫਿਰ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲ ਕੇ ਉਨ੍ਹਾਂ ਨੂੰ ਠੱਗਦੇ ਹਨ। ਹਾਲ ਹੀ ‘ਚ ਫਰੀਦਾਬਾਦ ਦੇ ਸੈਕਟਰ-15 ਦੀ ਰਹਿਣ ਵਾਲੀ ਇਕ ਕੁੜੀ ਨੇ ਸਾਈਬਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ‘ਚ ਉਸ ਨੇ ਸ਼ੇਅਰ ਬਾਜ਼ਾਰ ‘ਚ ਕਰੀਬ 7 ਕਰੋੜ 59 ਲੱਖ ਰੁਪਏ ਦੀ ਠੱਗੀ ਹੋਣ ਦੀ ਗੱਲ ਕਹੀ ਸੀ।
ਇਸ ਤੋਂ ਬਾਅਦ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਆਰੀਆ ਨੇ ਇੱਕ ਕਮੇਟੀ ਬਣਾ ਕੇ ਸਾਈਬਰ ਏਸੀਪੀ ਅਭਿਮਨਿਊ ਗੋਇਤ ਨੂੰ ਇਸ SIT ਦਾ ਇੰਚਾਰਜ ਬਣਾਇਆ ਅਤੇ ਹੋਰ ਪੁਲਿਸ ਵਾਲਿਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ। ਜਾਂਚ ਟੀਮ ਨੇ ਇਸ ਪੂਰੇ ਮਾਮਲੇ ‘ਚ ਹੁਣ ਤੱਕ ਕਾਰਵਾਈ ਕਰਦੇ ਹੋਏ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਲੋਕ ਹਰਿਆਣਾ ਸਮੇਤ ਨੇੜਲੇ ਸੂਬਿਆਂ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦਾ ਸਿੱਧਾ ਸਬੰਧ ਚੀਨ ਨਾਲ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੋਹਾਲੀ ‘ਚ 2 ਦਿਨ ਰਹੇਗਾ ਨੋ ਫਲਾਇੰਗ ਜ਼ੋਨ, ਰਾਸ਼ਟਰਪਤੀ ਮੁਰਮੂ ਦੇ ਪ੍ਰੋਗਰਾਮ ਕਰਕੇ ਲਿਆ ਫੈਸਲਾ
ਪੁਲਿਸ ਬੁਲਾਰੇ ਸੂਬਾ ਸਿੰਘ ਨੇ ਦੱਸਿਆ ਕਿ ਇਹ ਲੋਕ ਆਸ-ਪਾਸ ਦੇ ਲੋਕਾਂ ਨੂੰ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਉਨ੍ਹਾਂ ਤੋਂ ਪੈਸੇ ਇਕੱਠੇ ਕਰਕੇ ਇਸ ਨੂੰ ਡਾਲਰਾਂ ‘ਚ ਬਦਲ ਕੇ ਚੀਨ ਭੇਜ ਦਿੰਦੇ ਹਨ ਅਤੇ ਅਜਿਹਾ ਕਰਨ ‘ਤੇ ਉਨ੍ਹਾਂ ਨੂੰ ਮੋਟਾ ਕਮਿਸ਼ਨ ਮਿਲਦਾ ਹੈ। ਫ਼ਿਲਹਾਲ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਵੱਖ-ਵੱਖ ਪਾਸਬੁੱਕ, ਚੈਕਬੁੱਕ, ਏਟੀਐਮ ਕਾਰਡ, ਸਿਮ ਅਤੇ ਮੋਬਾਈਲ ਫ਼ੋਨ ਸਮੇਤ ਕਰੀਬ 14 ਲੱਖ ਰੁਪਏ ਬਰਾਮਦ ਕੀਤੇ ਹਨ। ਪੁਲਿਸ ਜਲਦ ਹੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: