ਅਮਰੀਕਾ ਨੇ ਭਾਰਤ ਵਿੱਚ ਵੀਜ਼ਾ ਅਪਾਇੰਟਮੈਂਟ ਬੁਕਿੰਗ ਵਿੱਚ ਗੜਬੜੀ ਕਰਨ ਵਾਲੇ Bots ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸੂਚਿਤ ਕੀਤਾ ਕਿ ਉਸ ਨੇ ਲਗਭਗ 2000 ਵੀਜ਼ਾ ਅਪਾਇੰਟਮੈਂਟਸ ਨੂੰ ਰੱਦ ਕਰ ਦਿੱਤਾ ਹੈ ਜੋ ਬੋਟਸ ਵੱਲੋਂ ਬੁੱਕ ਕੀਤੀਆਂ ਗਈਆਂ ਸਨ, ਹੁਣ ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਦੇ ਵੀਜ਼ਾ ਲਈ ਤਰਸਣਾ ਪਊਗਾ। ਇਹ ਮੁਲਾਕਾਤਾਂ ਆਟੋਮੇਟਿਡ ‘ਬੌਟਸ’ ਰਾਹੀਂ ਕੀਤੀਆਂ ਗਈਆਂ ਸਨ, ਜੋ ਵੀਜ਼ਾ ਇੰਟਰਵਿਊ ਲਈ ਸਲਾਟ ਰੋਕ ਰਹੇ ਸਨ। ਅਮਰੀਕੀ ਦੂਤਾਵਾਸ ਨੇ ਇਸ ਨੂੰ ਆਪਣੀਆਂ ਸਮਾਂ-ਸਾਰਣੀ ਨੀਤੀਆਂ ਦੀ ਉਲੰਘਣਾ ਦੱਸਿਆ ਅਤੇ ਕਿਹਾ ਕਿ ਇਸ ਦੀਆਂ ਅਜਿਹੀਆਂ ਗਤੀਵਿਧੀਆਂ ਲਈ “ਜ਼ੀਰੋ ਟੋਲਰੈਂਸ” ਨੀਤੀ ਹੈ।
ਦੂਤਘਰ ਨੇ ਕਿਹਾ, “ਸਾਡੀ ਕੌਂਸਲਰ ਟੀਮ ਭਾਰਤ ਵਿੱਚ 2000 ਵੀਜ਼ਾ ਮੁਲਾਕਾਤਾਂ ਨੂੰ ਰੱਦ ਕਰ ਰਹੀ ਹੈ ਜੋ ਬੌਟਸ ਵੱਲੋਂ ਬੁੱਕ ਕੀਤੀਆਂ ਗਈਆਂ ਸਨ। ਸਾਡੇ ਕੋਲ ਏਜੰਟਾਂ ਅਤੇ ਵਿਚੋਲਿਆਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਗਤੀਵਿਧੀਆਂ ਪ੍ਰਤੀ ‘ਜ਼ੀਰੋ ਟੋਲਰੈਂਸ’ ਹੈ। ਅਸੀਂ ਇਹਨਾਂ ਮੁਲਾਕਾਤਾਂ ਨੂੰ ਰੱਦ ਕਰ ਰਹੇ ਹਾਂ ਅਤੇ ਲਿੰਕਡ ਖਾਤਿਆਂ ਦੀਆਂ ਸਮਾਂ-ਸਾਰਣੀ ਵਿਸ਼ੇਸ਼ਤਾਵਾਂ ਨੂੰ ਮੁਅੱਤਲ ਕਰ ਰਹੇ ਹਾਂ।”
ਪਿਛਲੇ ਦਿਨੀਂ ਅਮਰੀਕੀ ਵੀਜ਼ਾ ਅਪਾਇੰਟਮੈਂਟ ਲੈਣ ਦੀ ਪ੍ਰਕਿਰਿਆ ਵਿਚ ਵੱਡੇ ਪੱਧਰ ‘ਤੇ ਧੋਖਾਧੜੀ ਦੀਆਂ ਖਬਰਾਂ ਆਈਆਂ ਹਨ। ਆਮ ਨਾਗਰਿਕਾਂ ਨੂੰ ਸਮੇਂ ਸਿਰ ਅਪਾਇੰਟਮੈਂਟ ਮਿਲਣੀ ਬਹੁਤ ਔਖੀ ਹੈ, ਜਦੋਂਕਿ ਏਜੰਟਾਂ ਨੂੰ ਮੋਟੀਆਂ ਰਕਮਾਂ ਦੇ ਕੇ ਜਲਦੀ ਤਰੀਕ ਮਿਲ ਜਾਂਦੀ ਹੈ।
ਰਿਪੋਰਟਾਂ ਮੁਤਾਬਕ ਇਸ ਵੇਲੇ ਯੂਐਸ ਬਿਜ਼ਨਸ ਅਤੇ ਟੂਰਿਸਟ ਵੀਜ਼ਾ (B1/B2) ਲਈ ਅਪਾਇੰਟਮੈਂਟ ਲੈਣ ਵਿੱਚ ਛੇ ਮਹੀਨਿਆਂ ਤੋਂ ਵੱਧ ਸਮਾਂ ਲੱਗ ਰਿਹਾ ਹੈ। ਪਰ ਏਜੰਟਾਂ ਨੂੰ 30,000 ਤੋਂ 35,000 ਰੁਪਏ ਦੇ ਕੇ ਸਿਰਫ਼ ਇੱਕ ਮਹੀਨੇ ਵਿੱਚ ਹੀ ਅਪਾਇੰਟਮੈਂਟ ਮਿਲ ਜਾਂਦੀ ਹੈ। ਏਜੰਟ ਬੌਟਸ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿੱਚ ਸਲਾਟ ਬੁੱਕ ਕਰਵਾਉਂਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਤੌਰ ’ਤੇ ਸਲਾਟ ਨਹੀਂ ਮਿਲਦੇ।
ਇਹ ਵੀ ਪੜ੍ਹੋ : ਸੀਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ ‘ਚ ਭਾਰੀ ਹੰਗਾਮਾ, ਬਾਜਵਾ ਖਿਲਾਫ਼ ਨਿੰਦਾ ਪ੍ਰਸਤਾਵ ਪਾਸ
2023 ਵਿੱਚ ਜਦੋਂ B1/B2 ਵੀਜ਼ਾ ਮੁਲਾਕਾਤਾਂ ਲਈ ਉਡੀਕ ਦੀ ਮਿਆਦ 999 ਦਿਨਾਂ ਤੱਕ ਪਹੁੰਚ ਗਈ, ਤਾਂ ਅਮਰੀਕਾ ਨੂੰ ਭਾਰਤੀ ਬਿਨੈਕਾਰਾਂ ਲਈ ਫਰੈਂਕਫਰਟ ਅਤੇ ਬੈਂਕਾਕ ਵਰਗੇ ਹੋਰ ਦੇਸ਼ਾਂ ਵਿੱਚ ਮੁਲਾਕਾਤਾਂ ਖੋਲ੍ਹਣੀਆਂ ਪਈਆਂ। ਭਾਰਤ ਸਰਕਾਰ ਨੇ ਇਹ ਸਮੱਸਿਆ ਅਮਰੀਕਾ ਕੋਲ ਵੀ ਉਠਾਈ ਸੀ। ਹੁਣ ਅਮਰੀਕਾ ਦੀ ਇਸ ਸਖ਼ਤ ਕਾਰਵਾਈ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਵੀਜ਼ਾ ਨਿਯੁਕਤੀ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਅਤੇ ਆਮ ਨਾਗਰਿਕ ਬਿਨਾਂ ਏਜੰਟਾਂ ਦੇ ਵੀਜ਼ਾ ਸਲਾਟ ਹਾਸਲ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
