ਪੰਜਾਬ ਵਿੱਚ ਮਿਲੀ ਸ਼ਾਨਦਾਰ ਸਫਲਤਾ ਮਗਰੋਂ ਆਮ ਆਦਮੀ ਪਾਰਟੀ (ਆਪ) ਦਾ ਸਾਰਾ ਧਿਆਨ ਹੁਣ ਤੇਲੰਗਾਨਾ ਵਿੱਚ ‘ਕੇਜਰੀਵਾਲ ਮਾਡਲ’ ਬਣਾਉਣ ਦਾ ਹੈ। ‘ਆਪ’ ਦੇ ਦਿੱਲੀ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਤੇਲੰਗਾਨਾ ਤੋਂ ਪਾਰਟੀ ਦੇ ਚੋਣ ਇੰਚਾਰਜ ਨਾਲ ਵਾਰੰਗਲ ਤੇ ਹੈਦਰਾਬਾਦ ਵਿੱਚ ਇਸ ਹਫ਼ਤੇ ਦੋ ਦਿਨਾਂ ਦਾ ਦੌਰਾ ਕੀਤਾ।
ਫੋਨ ‘ਤੇ ਇੱਕ ਨਿਊਜ਼ ਏਜੰਸੀ ਨਾਲ ਇੰਟਰਵਿਊ ਦੌਰਾਨ ਭਾਰਤੀ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ‘ਤੇ ਘਰ-ਘਰ ਜਾ ਕੇ ਤੇਲੰਗਾਨਾ ਵਿੱਚ ‘ਪਦਯਾਤਰਾ’ ਕੱਢੇਗੀ। ‘ਆਪ’ ਦਾ ਟੀਚਾ ਤੇਲੰਗਾਨਾ ਵਿੱਚ “ਕੇਜਰੀਵਾਲ ਸ਼ਾਸਨ ਮਾਡਲ” ਦੀ ਸ਼ੁਰੂਆਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ‘ਇਨਕਲਾਬ’ ਤੋਂ ਬਾਅਦ ਮੈਨੂੰ ਸਾਰੀਆਂ ਪਾਰਟੀਆਂ ਦੇ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਹਨ। ਅਸੀਂ ਇਸ ਗੱਲ ਦਾ ਧਿਆਨ ਰਖ ਰਹੇ ਹਾਂ ਕਿ ਕਿਸੇ ਭ੍ਰਿਸ਼ਟ ਜਾਂ ਕਿਸੇ ਮਾੜੇ ਪਿਛੋਕੜ ਵਾਲੇ ਵਿਅਕਤੀ ਨੂੰ ਨਾ ਲਿਆਈਏ। ‘ਆਪ’ ਕਦੇ ਵੀ ਧਰਮ ਜਾਂ ਜਾਤ ਆਧਾਰਿਤ ਰਾਜਨੀਤੀ ਨਹੀਂ ਕਰੇਗੀ, ਸਗੋਂ ‘ਕੇਜਰੀਵਾਲ ਮਾਡਲ ਆਫ਼ ਗਵਰਨੈਂਸ’ ਦਾ ਸੰਦੇਸ਼ ਫੈਲਾਏਗੀ।
ਭਾਰਤੀ ਨੇ ਕਿਹਾ ਕਿ ‘ਆਪ’ ਦਾ ਮੁਕਾਬਲਾ ਕਿਸੇ ਨਾਲ ਨਹੀਂ ਸਗੋਂ ਇੱਕ ਵਿਚਾਰਧਾਰਾ ਨਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤੇਲੰਗਾਨਾ ਵਿੱਚ ਜਾਂ ਦੇਸ਼ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਹਰ ਸਿਆਸੀ ਪਾਰਟੀ ਜਿਸ ਵਿਚਾਰ ਅਧੀਨ ਇਕੱਠੀ ਹੋ ਜਾਂਦੀ ਹੈ, ਉਹ ਧਰਮ ਜਾਂ ਜਾਤ ਜਾਂ ਭ੍ਰਿਸ਼ਟਾਚਾਰ-ਅਧਾਰਤ ਰਾਜਨੀਤੀ ਹੈ, ਜਦੋਂ ਕਿ ‘ਆਪ’ ਕੰਮ ਅਧਾਰਤ ਰਾਜਨੀਤੀ ਲਈ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਲੋਕ ਰੋਜ਼ਗਾਰ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ। ਕੇਜਰੀਵਾਲ ਪਾਰਟੀ ਦੀ ਵਿਚਾਰਧਾਰਾ ‘ਇਮਾਨਦਾਰੀ, ਦੇਸ਼ ਭਗਤੀ ਅਤੇ ਮਨੁੱਖਤਾ’ ਆਧਾਰਤ ਹੈ ਤੇ ਇਸ ਨਾਲ ਪਾਰਟੀ ਨੇ ਕੌਮੀ ਰਾਜਧਾਨੀ ਵਿੱਚ ਸ਼ਾਨਦਾਰ ਸ਼ਾਸਨ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਉਨ੍ਹਾਂ ਕਿਹਾ ਕਿ ਸਿਰਫ਼ ਭਗਵਾ ਪਾਰਟੀ ਦਾ ਵਿਰੋਧ ਕੰਮ ਨਹੀਂ ਕਰੇਗਾ ਅਤੇ ਲੋਕਾਂ ਲਈ ਬਦਲਵੇਂ ਏਜੰਡੇ ਦੀ ਲੋੜ ਹੈ। ਉਨ੍ਹਾਂ ਸਰਕਾਰ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਨੂੰ ਕਥਿਤ ਤੌਰ ‘ਤੇ ਨਾ ਭਰਨ ਲਈ ਸੱਤਾਧਾਰੀ ਟੀ.ਆਰ.ਐੱਸ. ਦੀ ਵੀ ਅਲੋਚਨਾ ਕੀਤੀ।
ਭਾਰਤੀ ਨੇ ਦਾਅਵਾ ਕੀਤਾ ਕਿ ਤੇਲੰਗਾਨਾ ਵਿੱਚ ਉਨ੍ਹਾਂ ਦੇ ਦੋ ਦਿਨਾਂ ਦੌਰੇ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ‘ਚ ਕਈ ਨੇਤਾ ‘ਆਪ’ ‘ਚ ਸ਼ਾਮਲ ਹੋਣ ਦੇ ਚਾਹਵਾਨ ਨੇ ਅਸੀਂ ਜਲਦ ਹੀ ਪੱਤੇ ਖੋਲ੍ਹਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੈਦਰਾਬਾਦ ਵਿੱਚ ਉਨ੍ਹਾਂ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ।