Action taken against sellers: ਮਾਨਸਾ: ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਲਗਾਇਆ ਕਰਫਿਊ ਲੋਕਾਂ ਦੀ ਸੁਵਿਧਾ ਨੂੰ ਵੇਖਦਿਆਂ ਹਟਾਇਆ ਗਿਆ ਹੈ। ਅੱਜਕੱਲ੍ਹ ਵੇਖਣ ਵਿਚ ਆਇਆ ਹੈ ਕਿ ਕਰਫਿਊ ਦੌਰਾਨ ਦੁਕਾਨਾਂ ਵਿਚ ਜਮ੍ਹਾਂ ਪਈਆਂ ਵਸਤਾਂ ਜਿੰਨ੍ਹਾਂ ਦੀ ਮਿਆਦ ਵੀ ਲੰਘ ਚੁੱਕੀ ਹੈ ਦੁਕਾਨਦਾਰਾਂ ਵੱਲੋਂ ਉਹ ਵਸਤਾਂ ਲੋਕਾਂ ਨੂੰ ਵੇਚੀਆਂ ਜਾ ਰਹੀਆਂ ਹਨ ਜੋ ਕਿ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ। ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਅਜਿਹੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਗ੍ਰਾਹਕ ਨੂੰ ਮਿਆਦ ਲੰਘੀ ਵਸਤੂ ਨਾ ਵੇਚਣ। ਜੇਕਰ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਦੁਕਾਨਦਾਰ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਸਾਮਾਨ ਖਰੀਦਣ ਸਮੇਂ ਉਸ ਦੀ ਮਿਆਦ ਦੀ ਮਿਤੀ ਚੈੱਕ ਕਰਨ ਅਤੇ ਦੁਕਾਨਦਾਰ ਪਾਸੋਂ ਬਿੱਲ ਦੀ ਮੰਗ ਕਰਨ। ਅਜਿਹਾ ਕਰਨਾ ਤੁਹਾਡੀ ਸਿਹਤ ਸੁਰੱਖਿਆ ਦੇ ਹਿੱਤ ਵਿਚ ਹੈ। ਉਨ੍ਹਾਂ ਕਿਹਾ ਕਿ ਕਿਤੇ ਵੀ ਕੋਈ ਦੁਕਾਨਦਾਰ ਮਿਆਦ ਲੰਘੀ ਵਸਤੂ ਵੇਚਦਾ ਪਾਇਆ ਜਾਂਦਾ ਹੈ ਜਾਂ ਅਜਿਹੇ ਕਿਸੇ ਦੁਕਾਨਦਾਰ ਖਿਲਾਫ਼ ਕੋਈ ਇਸ ਤਰਾਂ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਇਸ ਨੂੰ ਸਖ਼ਤੀ ਨਾਲ ਲਿਆ ਜਾਵੇਗਾ ਅਤੇ ਆਮ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਬਰਦਾਰਸ਼ਤ ਨਹੀਂ ਕੀਤਾ ਜਾਵੇਗਾ।