ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਹ ਚਾਰ-ਪੰਜ ਸਾਲਾਂ ਤੋਂ ਸਲਮਾਨ ਨੂੰ ਮਾਰਨਾ ਚਾਹੁੰਦਾ ਸੀ। ਬਿਸ਼ਨੋਈ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ। ਇਸ ਦੌਰਾਨ, ਅਦਾਕਾਰ ਨੂੰ ਹੁਣ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਸਾਥੀ ਵੱਲੋਂ ਧਮਕੀ ਭਰੀ ਈਮੇਲ ਮਿਲੀ ਹੈ।
ਸਲਮਾਨ ਨੂੰ ਇਹ ਈਮੇਲ ਸ਼ਨੀਵਾਰ ਨੂੰ ਮਿਲੀ, ਜਿਸ ‘ਚ ਕਿਹਾ ਗਿਆ ਹੈ ਕਿ ਗੋਲਡੀ ਬਰਾੜ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਏ। ਇਸ ਮਾਮਲੇ ‘ਚ ਸ਼ਨੀਵਾਰ ਦੇਰ ਰਾਤ ਬਾਂਦਰਾ ਪੁਲਿਸ ਸਟੇਸ਼ਨ ‘ਚ ਸਲਮਾਨ ਦੀ ਟੀਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇੱਕ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ ਦੇ ਮੱਦੇਨਜ਼ਰ ਪੁਲਿਸ ਨੇ ਸਲਮਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ। ਸਲਮਾਨ ਦੇ ਮੈਨੇਜਰ ਨੇ ਗੋਲਡੀ ਬਰਾੜ, ਲਾਰੇਂਸ ਬਿਸ਼ਨੋਈ ਅਤੇ ਮੇਲ ਭੇਜਣ ਵਾਲੇ ਇਕ ਹੋਰ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਸਲਮਾਨ ਦੀ ਟੀਮ ਦੇ ਇੱਕ ਮੈਂਬਰ ਨੂੰ ਸ਼ਨੀਵਾਰ ਦੁਪਹਿਰ ਕਰੀਬ ਡੇਢ ਵਜੇ ਰੋਹਿਤ ਗਰਗ ਨਾਂ ਦੇ ਵਿਅਕਤੀ ਦੇ ਈਮੇਲ ਪਤੇ ਤੋਂ ਇਹ ਮੇਲ ਮਿਲਿਆ ਹੈ।
ਮੇਲ ਵਿੱਚ ਲਿਖਿਆ ਹੈ ਕਿ ਗੋਲਡੀ ਭਾਈ (ਬਰਾੜ) ਆਪਣੇ ਬੌਸ ਨੂੰ ਮਿਲਣਾ ਚਾਹੁੰਦਾ ਹੈ। ਮੇਲ ਭੇਜਣ ਵਾਲੇ ਵਿਅਕਤੀ ਨੇ ਲਾਰੇਂਸ ਬਿਸ਼ਨੋਈ ਦੇ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਜੋ ਉਸ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤਾ ਸੀ। ਮੇਲ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਭਰੋਸਾ ਹੈ ਕਿ ਐਕਟਰ ਨੇ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਵੇਖਿਆ ਹੋਵੇਗਾ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ ‘ਚ ਕਿਹਾ ਕਿ ਈਮੇਲ ‘ਚ ਲਿਖਿਆ ਗਿਆ ਹੈ ਕਿ ਇਸ ਮਾਮਲੇ ਨੂੰ ਬੰਦ ਕਰਵਾਉਣ ਲਈ ਸਲਮਾਨ, ਗੋਲਡੀ ਬਰਾੜ ਨਾਲ ਗੱਲ ਕਰ ਸਕਦੇ ਹਨ। ਈਮੇਲ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਜੇ ਟਾਈਮ ਰਹਿੰਦੇ ਦੱਸ ਦਿੱਤਾ ਹੈ, ਅਗਲੀ ਵਾਰ ਝਟਕਾ ਹੀ ਵੇਖਣ ਨੂੰ ਮਿਲੇਗਾ।’ ਸ਼ਿਕਾਇਤਕਰਤਾ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਮੇਲ ਭੇਜਣ ਵਾਲੇ ਰੋਹਿਤ ਗਰਗ, ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਪਿਛਲੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਕਿਹਾ ਸੀ, ‘ਜੇ ਸਲਮਾਨ ਖਾਨ ਮਾਫੀ ਮੰਗਦਾ ਹੈ ਤਾਂ ਮਾਮਲਾ ਖਤਮ ਹੋ ਜਾਵੇਗਾ। ਪਿਛਲੇ ਚਾਰ-ਪੰਜ ਸਾਲਾਂ ਤੋਂ ਮੈਂ ਸਲਮਾਨ ਨੂੰ ਮਾਰਨਾ ਚਾਹੁੰਦਾ ਹਾਂ। ਸਲਮਾਨ ਦੀ ਹਉਮੈ ਰਾਵਣ ਤੋਂ ਵੀ ਵੱਡੀ ਹੈ। ਸਿੱਧੂ ਮੂਸੇਵਾਲਾ ਵੀ ਅਜਿਹਾ ਹੀ ਹੰਕਾਰੀ ਸੀ। ਲਾਰੇਂਸ ਬਿਸ਼ਨੋਈ ਨੇ ਕਿਹਾ ਸੀ ਕਿ ਸਲਮਾਨ ਨੂੰ ਬੀਕਾਨੇਰ ਦੇ ਮੰਦਰ ਵਿੱਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਉਸ ਦੀ ਜ਼ਿੰਦਗੀ ਦਾ ਟੀਚਾ ਸਲਮਾਨ ਨੂੰ ਮਾਰਨਾ ਹੈ।
ਇਹ ਵੀ ਪੜ੍ਹੋ : ਚਾਰਧਾਮ ਯਾਤਰਾ ਦਾ ਸਫ਼ਰ ਹੋਇਆ ਮਹਿੰਗਾ, ਹੈਲੀਕਾਪਟਰ ਦੇ ਕਿਰਾਏ ‘ਚ ਹੋਇਆ ਭਾਰੀ ਵਾਧਾ
2018 ਵਿੱਚ, ਬਿਸ਼ਨੋਈ ਨੇ ਪਹਿਲੀ ਵਾਰ ਸਲਮਾਨ ਨੂੰ ਅਜਿਹੀ ਧਮਕੀ ਦਿੱਤੀ ਸੀ। ਉਸ ਸਮੇਂ ਉਸ ਦਾ ਸਾਥੀ ਅਦਾਕਾਰ ਦੇ ਘਰ ਦੀ ਰੇਕੀ ਕਰਦਾ ਪਾਇਆ ਗਿਆ। ਦੱਸ ਦੇਈਏ ਕਿ ਸਾਲ 1998 ‘ਚ ਸਲਮਾਨ ਖਾਨ ਨੇ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਲਾਰੇਂਸ ਬਿਸ਼ਨੋਈ ਨੇ ਕਿਹਾ ਕਿ ਅਭਿਨੇਤਾ ਨੂੰ ਰਾਜਸਥਾਨ ਦੇ ਬਿਸ਼ਨੋਈ ਭਾਈਚਾਰੇ ਤੋਂ ਮੰਦਰ ‘ਚ ਕਾਲੇ ਹਿਰਨ ਨੂੰ ਮਾਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: