ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ਦੇ ਪਿੰਡ ਮਹਿਤਾ ਵਿਖੇ ਉਸ ਸਮੇਂ ਪਰਿਵਾਰ ਵਿੱਚ ਮਾਤਮ ਛਾ ਗਿਆ ਜਦੋਂ ਉਹਨਾਂ ਦੇ ਛੋਟੇ ਪੁੱਤਰ ਦੀ ਫੌਜ ਵਿੱਚ ਮੌਤ ਹੋਣ ਦੀ ਜਾਣਕਾਰੀ ਪਰਿਵਾਰ ਨੂੰ ਮਿਲੀ।
ਮਿਲੀ ਜਾਣਕਾਰੀ ਮੁਤਾਬਕ 22 ਸਾਲ ਦੇ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਪੁੱਤਰ ਰਿਟਾਇਰਡ ਸੂਬੇਦਾਰ ਨਾਇਬ ਸਿੰਘ, ਪਿੰਡ ਮਹਿਤਾ, ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ, ਜੋ ਪਿਛਲੀ ਦਿਨੀਂ ਜੰਮੂ ਇਲਾਕੇ ਅੰਦਰ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਫੋਰ ਸਿੱਖ ਲਾਈ ਯੂਨਿਟ ਵਿੱਚ ਡਿਊਟੀ ਕਰਦਾ ਸੀ, ਜੋ ਪਿਛਲੇ 1 ਸਾਲ 9 ਮਹੀਨੇ ਪਹਿਲਾਂ ਹੀ ਦੇਸ਼ ਦੀ ਸੇਵਾ ਕਰਨ ਲਈ ਅਗਨੀਵੀਰ ਭਰਤੀ ਰਾਹੀਂ ਫੌਜ ਵਿੱਚ ਭਰਤੀ ਹੋਇਆ ਸੀ।
ਪਿਛਲੇ ਦਿਨੀਂ ਸਵੇਰੇ 9 ਵਜੇ ਦੇ ਕਰੀਬ ਫੌਜੀ ਸੁਖਵਿੰਦਰ ਸਿੰਘ ਦੀ ਗੱਲ ਉਸ ਦੇ ਪਿਤਾ ਸਾਬਕਾ ਸੂਬੇਦਾਰ ਨਾਇਬ ਸਿੰਘ ਨਾਲ ਹੋਈ ਸੀ, ਪਰ ਬਾਅਦ ਦੁਪਹਿਰ 12 ਵਜੇ ਦੇ ਕਰੀਬ ਉਸ ਦੇ ਪਿਤਾ ਨੂੰ ਇੱਕ ਫੌਜ ਅਫਸਰ ਦੇ ਫੋਨ ਤੋਂ ਸੂਚਨਾ ਮਿਲਦੀ ਹੈ ਕਿ ਉਸ ਦੇ ਫੌਜੀ ਪੁੱਤਰ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਜਿਸ ਨੂੰ ਲੈ ਕੇ ਅੱਜ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਉਸ ਦੇ ਪਿੰਡ ਮਹਿਤਾ ਵਿਖੇ ਪਹੁੰਚੀ।
ਮ੍ਰਿਤਕ ਦੇਹ ਲੈਕੇ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ, ਉੱਥੇ ਮੀਡੀਆ ਤੋਂ ਵੀ ਉਸਦੀ ਮੌਤ ਦੇ ਕਾਰਨਾਂ ਤੋਂ ਦੂਰੀ ਵੱਟੀ ਗਈ। ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਮੌਕੇ ਉਸ ਦੇ ਮਾਤਾ-ਪਿਤਾ ਸਮੇਤ ਪਰਿਵਾਰ ਦਾ ਰੋ -ਰੋ ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਵੱਲੋਂ ਨਮ ਅੱਖਾਂ ਨਾਲ ਮ੍ਰਿਤਕ ਸੁਖਵਿੰਦਰ ਸਿੰਘ ਦੇ ਸਿਰ ਉੱਪਰ ਪਗੜੀ ਬੰਨ੍ਹੀ ਗਈ ਅਤੇ ਸਿਹਰਾ ਸਜਾ ਕੇ ਸਿਹਰਾਬੰਦੀ ਕੀਤੀ ਗਈ। ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਮਾਹੌਲ ਵੀ ਗਮਗੀਨ ਹੀ ਦਿਖਾਈ ਦਿੱਤਾ।
ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਅਜੇ ਕੁਆਰਾ ਸੀ, ਜਿਸ ਦਾ ਵਿਆਹ ਨਹੀਂ ਹੋਇਆ ਸੀ। ਉਹ ਆਪਣੇ ਪਿੱਛੇ ਆਪਣਾ ਵੱਡਾ ਭਰਾ, ਮਾਤਾ-ਪਿਤਾ ਛੱਡ ਗਿਆ। ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ ਗਿਆ, ਉੱਥੇ ਸਾਬਕਾ ਫੌਜੀਆਂ ਦੀ ਟੁਕੜੀ ਵੱਲੋਂ ਉਸ ਦੀ ਮ੍ਰਿਤਕ ਦੇਹ ਉੱਪਰ ਦੇਸ਼ ਦਾ ਤਿਰੰਗਾ ਝੰਡਾ ਦੇਕੇ ਸਲਾਮੀ ਦਿੱਤੀ ਗਈ।
ਮ੍ਰਿਤਕ ਦੇ ਲੈ ਕੇ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਅੰਤਿਮ ਸੰਸਕਾਰ ਮੌਕੇ ਸਲੂਟ ਸਲਾਮੀ ਦੇਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਬ-ਡਿਵੀਜ਼ਨ ਤਪਾ ਮੰਡੀ ਦੀ ਉਪ-ਮੰਡਲ ਮੈਜਿਸਟਰੇਟ ਐਸ.ਡੀ.ਐਮ ਪੂਨਮਪ੍ਰੀਤ ਕੌਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉੱਥੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਪ੍ਰਸ਼ਾਸਨ ਵੱਲੋਂ ਬਣਦਾ ਸਹਿਯੋਗ ਕੀਤਾ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉੱਥੇ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰ ਸੁਖਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬੰਨ੍ਹਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਜਿਸ ਬਾਰੇ ਮੁੱਖ ਮੰਤਰੀ ਪੰਜਾਬ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਸੂਬਾ ਪ੍ਰਧਾਨ ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਥੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਦੇ ਲਈ ਅੱਗੇ ਆਉਣ ਦੀ ਬੇਨਤੀ ਵੀ ਕੀਤੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਚੱਲਦੀ ਪ੍ਰੈੱਸ ਕਾਨਫਰੰਸ ‘ਚ ਕੁੱਤੇ ਨੇ ਪਾਈਆਂ ਭਾਜੜਾਂ, ਕੁਰਸੀਆਂ ਛੱਡ ਭੱਜੇ ਮੰਤਰੀ!
ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਡੇ ਪੱਧਰ ‘ਤੇ ਮੌਜੂਦ ਰਿਹਾ, ਉੱਥੇ ਹਜ਼ਾਰਾਂ ਦੀ ਤਦਾਦ ਵਿੱਚ ਪਿੰਡ ਵਾਸੀਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਏ।