ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋੜੀਂਦੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ‘ਅਗਨੀਵੀਰਾਂ’ ਲਈ ਰੱਖਿਆ ਮੰਤਰਾਲੇ ਵਿੱਚ ਨੌਕਰੀ ਦੀਆਂ 10 ਫੀਸਦੀ ਅਸਾਮੀਆਂ ਰਾਖਵੀਆਂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 10 ਫੀਸਦੀ ਰਾਖਵਾਂਕਰਨ ਇੰਡੀਅਨ ਕੋਸਟ ਗਾਰਡ ਅਤੇ ਡਿਫੈਂਸ ਸਿਵਲੀਅਨ ਪੋਸਟਾਂ ਅਤੇ ਸਾਰੇ 16 ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ ਵਿੱਚ ਲਾਗੂ ਕੀਤਾ ਜਾਵੇਗਾ, ਜੋ ਸਾਬਕਾ ਸੈਨਿਕਾਂ ਲਈ ਮੌਜੂਦਾ ਰਿਜ਼ਰਵੇਸ਼ਨ ਤੋਂ ਇਲਾਵਾ ਹੋਵੇਗਾ।
ਇਨ੍ਹਾਂ ਵਿਵਸਥਾਵਾਂ ਨੂੰ ਲਾਗੂ ਕਰਨ ਲਈ ਸਬੰਧਤ ਭਰਤੀ ਨਿਯਮਾਂ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ। ਰੱਖਿਆ ਪਬਲਿਕ ਸੈਕਟਰ ਅੰਡਰਟੇਕਿੰਗਜ਼ ਨੂੰ ਉਨ੍ਹਾਂ ਦੇ ਸਬੰਧਤ ਭਰਤੀ ਨਿਯਮਾਂ ਵਿੱਚ ਸਮਾਨ ਸੋਧਾਂ ਕਰਨ ਦੀ ਸਲਾਹ ਦਿੱਤੀ ਜਾਵੇਗੀ। ਲੋੜੀਂਦੀ ਉਮਰ ਵਿੱਚ ਛੋਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਦੱਸ ਦੇਈਏ ਕਿ ‘ਅਗਨੀਪਥ ਯੋਜਨਾ’ ਦਾ ਐਲਾਨ 14 ਜੂਨ ਨੂੰ ਕੀਤਾ ਗਿਆ ਸੀ। ਅਗਲੇ ਦਿਨ ਤੋਂ ਹੀ ਦੇਸ਼ ਦੇ ਕਈ ਵੱਡੇ ਰਾਜਾਂ ਵਿਚ ਨੌਜਵਾਨ ਇਸ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਹਿੰਸਾ, ਅੱਗਜ਼ਨੀ ਅਤੇ ਭੰਨ-ਤੋੜ ਦਾ ਸਹਾਰਾ ਲਿਆ, ਜਿਸ ਨਾਲ ਪਬਲਿਕ ਪ੍ਰਾਪਰਟੀ ਨੂੰ ਵੱਡਾ ਨੁਕਸਾਨ ਪਹੁੰਚਿਆ।
ਲਗਾਤਾਰ ਤਿੰਨ ਦਿਨਾਂ ਤੱਕ ਜਾਰੀ ਇਸ ਪ੍ਰਦਰਸ਼ਨ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਨੇਵੀ ਚੀਫ ਐਡਮਿਰਲ ਆਰ. ਹਰੀ ਕੁਮਾਰ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਅਤੇ ਫੌਜੀ ਮਾਮਲਿਆਂ ਦੇ ਵਿਭਾਗ ਦੇ ਅਧਿਕਾਰੀਆਂ ਨੇ ‘ਅਗਨੀਪਥ ਯੋਜਨਾ’ ਦੀ ਸਮੀਖਿਆ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਰੱਖਿਆ ਮੰਤਰਾਲੇ ਦੀਆਂ ਨੌਕਰੀਆਂ ਵਿੱਚ ਅਗਨੀਵੀਰਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਆਇਆ, ਜਿਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਦਿੱਤੀ ਗਈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਗ੍ਰਹਿ ਮੰਤਰਾਲੇ ਨੇ ਵੀ ਅਗਨੀਵੀਰਾਂ ਲਈ ਵੱਡਾ ਐਲਾਨ ਕੀਤਾ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ CAPF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀਆਂ ਵਿੱਚ ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਪੂਰੇ ਕਰ ਚੁੱਕੇ ਅਗਨੀਵੀਰਾਂ ਲਈ 10 ਫੀਸਦੀ ਅਸਾਮੀਆਂ ਰਾਖਵੀਆਂ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਉਮਰ ਹੱਦ ਵਿੱਚ ਛੋਟ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। CAPF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਲਈ, ਅਗਨੀਵੀਰਾਂ ਲਈ ਤੈਅ ਘੱਟੋ-ਘੱਟ ਦਾਖਲਾ ਉਮਰ ਹੱਦ ਵਿੱਚ 3 ਸਾਲ ਅਤੇ ਅਗਨੀਪਥ ਯੋਜਨਾ ਦੇ ਪਹਿਲੇ ਬੈਚ ਲਈ 5 ਸਾਲ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਬੁੱਧਵਾਰ ਨੂੰ, ਗ੍ਰਹਿ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਅਗਨੀਪਥ ਯੋਜਨਾ ਦੇ ਤਹਿਤ ਭਰਤੀ ਕੀਤੇ ਗਏ ਅਗਨੀਵੀਰ ਸਿਪਾਹੀਆਂ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਅਸਾਮ ਰਾਈਫਲਜ਼ ਦੀ ਭਰਤੀ ਵਿੱਚ ਪਹਿਲ ਦਿੱਤੀ ਜਾਵੇਗੀ।