ਅੰਬਾਨੀ ਪਰਿਵਾਰ ‘ਚ ਵਿਆਹ ਦੀਆਂ ਰਸਮਾਂ ਬੁੱਧਵਾਰ ਨੂੰ ਅੰਨਾ ਸੇਵਾ ਨਾਲ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਪਰਿਵਾਰ ਦੇ ਮੁਖੀ ਮੁਕੇਸ਼ ਅੰਬਾਨੀ ਅਤੇ ਲਾੜਾ-ਲਾੜੀ ਨੇ ਆਪਣੇ ਹੱਥਾਂ ਨਾਲ ਲੋਕਾਂ ਨੂੰ ਖਾਣਾ ਪਰੋਸਿਆ।
ਦੁਨੀਆ ਭਰ ਵਿੱਚ ਮਸ਼ਹੂਰ ਬਿਜ਼ਨੈੱਸ ਟਾਈਕੂਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਪਰਿਵਾਰ ਵਿੱਚ ਖੁਸ਼ੀ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੇ ਛੋਟੇ ਪੁੱਤਰ ਅਤੇ ਉਦਯੋਗਪਤੀ ਅਨੰਤ ਅੰਬਾਨੀ ਦੇ ਸਿਰ ਸਿਹਰਾ ਸਜਣ ਵਾਲਾ ਹੈ। ਉਹ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਸੱਤ ਫੇਰੇ ਲੈਣ ਜਾ ਰਿਹਾ ਹੈ।
ਇਸ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਆਪਣੀ ਰਿਵਾਇਤ ਨੂੰ ਅੱਗੇ ਵਧਾਉਂਦੇ ਹੋਏ ਅੰਨ ਸੇਵਾ ਕੀਤੀ। ਜਾਮਨਗਰ ਦੇ ਰਿਲਾਇੰਸ ਟਾਊਨਸ਼ਿਪ ਨੇੜੇ ਜੋਗਵੜ ਪਿੰਡ ਵਿੱਚ ਮੁਕੇਸ਼ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਸਮੇਤ ਅੰਬਾਨੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਰਵਾਇਤੀ ਗੁਜਰਾਤੀ ਭੋਜਨ ਪਰੋਸਿਆ।
ਰਾਧਿਕਾ ਦੀ ਨਾਨੀ ਅਤੇ ਮਾਤਾ-ਪਿਤਾ ਵੀਰੇਨ ਅਤੇ ਸ਼ੈਲਾ ਮਰਚੈਂਟ ਨੇ ਵੀ ਅੰਨ ਸੇਵਾ ਵਿਚ ਹਿੱਸਾ ਲਿਆ। ਕਰੀਬ 51 ਹਜ਼ਾਰ ਸਥਾਨਕ ਨਿਵਾਸੀਆਂ ਨੂੰ ਭੋਜਨ ਪਰੋਸਿਆ ਜਾਵੇਗਾ, ਜੋਕਿ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ।
ਇਸ ਮੌਕੇ ਮੁਕੇਸ਼ ਅੰਬਾਨੀ ਵੀ ਲੋਕਾਂ ਨੂੰ ਖਾਣਾ ਪਰੋਸਦੇ ਨਜ਼ਰ ਆਏ। ਭੋਜਨ ਤੋਂ ਬਾਅਦ ਹਾਜ਼ਰ ਸੰਗਤਾਂ ਨੇ ਰਵਾਇਤੀ ਲੋਕ ਸੰਗੀਤ ਦਾ ਆਨੰਦ ਮਾਣਿਆ। ਮਸ਼ਹੂਰ ਗੁਜਰਾਤੀ ਗਾਇਕ ਕੀਰਤੀਦਾਨ ਗੜਵੀ ਨੇ ਆਪਣੀ ਗਾਇਕੀ ਨਾਲ ਸ਼ੋਅ ਦਾ ਧਮਾਲ ਮਚਾ ਦਿੱਤਾ।
ਅੰਬਾਨੀ ਪਰਿਵਾਰ ‘ਚ ਖਾਣਾ ਪਰੋਸਣ ਦੀ ਰਿਵਾਇਤ ਪੁਰਾਣੀ ਹੈ। ਅੰਬਾਨੀ ਪਰਿਵਾਰ ਸ਼ੁਭ ਮੌਕਿਆਂ ‘ਤੇ ਭੋਜਨ ਪਰੋਸਦਾ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਜਦੋਂ ਦੇਸ਼ ਸੰਕਟ ਵਿੱਚ ਸੀ, ਉਦੋਂ ਵੀ ਅਨੰਤ ਅੰਬਾਨੀ ਦੀ ਮਾਂ ਨੀਤਾ ਅੰਬਾਨੀ ਦੀ ਅਗਵਾਈ ਵਿੱਚ ਰਿਲਾਇੰਸ ਫਾਊਂਡੇਸ਼ਨ ਨੇ ਦੁਨੀਆ ਦਾ ਸਭ ਤੋਂ ਵੱਡਾ ਭੋਜਨ ਵੰਡ ਪ੍ਰੋਗਰਾਮ ਚਲਾਇਆ ਸੀ।
ਇਹ ਵੀ ਪੜ੍ਹੋ : ਸਾਬਕਾ DHO ਡਾ ਲਖਵੀਰ ਸਿੰਘ ਦੀ ਹੋਵੇਗੀ ਸਿਆਸਤ ‘ਚ ਐਂਟਰੀ! ‘ਆਪ’ ‘ਚ ਹੋ ਸਕਦੇ ਨੇ ਸ਼ਾਮਲ