ਭਾਰਤੀ ਰਿਜ਼ਰਵ ਬੈਂਕ (RBI) ਨੇ Paytm ਨੂੰ ਵੱਡੀ ਰਾਹਤ ਦਿੰਦਿਆਂ 15 ਦਿਨਾਂ ਦੀ ਛੋਟ ਦਿੱਤੀ ਹੈ। ਹੁਣ ਪੇਟੀਐਮ ਪੇਮੈਂਟਸ ਬੈਂਕ ‘ਤੇ ਪਾਬੰਦੀ ਦੀ ਸੀਮਾ 29 ਫਰਵਰੀ ਤੋਂ ਲਾਗੂ ਨਹੀਂ ਹੋਵੇਗੀ, ਪਰ ਇਸ ਨੂੰ 15 ਦਿਨ ਹੋਰ ਵਧਾ ਦਿੱਤਾ ਗਿਆ ਹੈ। ਹੁਣ ਪੇਟੀਐਮ ਪੇਮੈਂਟਸ ਬੈਂਕ ‘ਤੇ ਪਾਬੰਦੀ 15 ਮਾਰਚ ਤੋਂ ਬਾਅਦ ਲਾਗੂ ਹੋਵੇਗੀ। ਇਸ ਦਾ ਮਤਲਬ ਹੈ ਕਿ ਪੇਟੀਐਮ ਵਾਲੇਟ, ਫਾਸਟੈਗ ਅਤੇ ਗਾਹਕਾਂ ਦੇ ਖਾਤਿਆਂ ਵਿੱਚ ਲੈਣ-ਦੇਣ 15 ਮਾਰਚ, 2024 ਤੱਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ RBI ਨੇ Paytm ਨੂੰ ਲੈ ਕੇ FAQ ਵੀ ਜਾਰੀ ਕੀਤਾ ਹੈ।
ਦਰਅਸਲ, 31 ਜਨਵਰੀ 2024 ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੱਡਾ ਕਦਮ ਚੁੱਕਦਿਆਂ ਪੇਟੀਐਮ ਦੀ ਬੈਂਕਿੰਗ ਸੇਵਾ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ, ਜੋ ਕਿ 29 ਫਰਵਰੀ 2024 ਤੋਂ ਲਾਗੂ ਹੋਣਾ ਸੀ, ਪਰ ਹੁਣ ਇਸ ਤਰੀਕ ਵਿੱਚ ਸੋਧ ਕੀਤੀ ਗਈ ਹੈ। RBI ਨੇ 31 ਜਨਵਰੀ ਨੂੰ ਕਿਹਾ ਸੀ ਕਿ ਪੇਟੀਐੱਮ ਪੇਮੈਂਟਸ ਬੈਂਕ ‘ਤੇ ਰੈਗੂਲੇਟਰੀ ਐਕਸ਼ਨ ਲਿਆ ਗਿਆ ਹੈ, ਜਿਸ ਕਾਰਨ ਪੇਟੀਐੱਮ ਪੇਮੈਂਟਸ ਬੈਂਕ ਖਾਤੇ ‘ਚ ਲੈਣ-ਦੇਣ, ਪੇਟੀਐੱਮ ਵਾਲਿਟ, ਫਾਸਟੈਗ ਅਤੇ ਟੌਪਅੱਪ ਵਰਗੀਆਂ ਸੇਵਾਵਾਂ 29 ਫਰਵਰੀ ਤੋਂ ਬਾਅਦ ਬੰਦ ਹੋ ਜਾਣਗੀਆਂ।
ਕੇਂਦਰੀ ਬੈਂਕ ਨੇ ਕਿਹਾ ਕਿ ਉਸ ਨੇ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 35ਏ ਦੇ ਤਹਿਤ Paytm ਦੀ ਪੇਰੇਂਟ ਕੰਪਨੀ ਵਨ97 ਕਮਿਊਨੀਕੇਸ਼ਨਸ ਵੱਲੋਂ ਸੰਚਾਲਿਕ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ ‘ਤੇ ਕੁਝ ਵਪਾਰਕ ਪਾਬੰਦੀਆਂ ਲਗਾਈਆਂ ਹਨ। ਆਰਬੀਆਈ ਨੇ ਅੱਗੇ ਕਿਹਾ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਕੁਝ ਹੋਰ ਸਮਾਂ ਦਿੱਤਾ ਜਾ ਰਿਹਾ ਹੈ।
ਆਰਬੀਆਈ ਨੇ ਕਿਹਾ ਕਿ ਇਸ ਮਿਆਦ ਦੇ ਦੌਰਾਨ ਕੋਈ ਹੋਰ ਜਮ੍ਹਾਂ ਜਾਂ ਕ੍ਰੈਡਿਟ ਲੈਣ-ਦੇਣ ਜਾਂ ਟਾਪ-ਅੱਪ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 15 ਮਾਰਚ, 2024 ਤੋਂ ਬਾਅਦ ਗਾਹਕਾਂ ਦੇ ਖਾਤੇ, ਪ੍ਰੀਪੇਡ, ਵਾਲੇਟ, ਫਾਸਟੈਗ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਵਰਗੀਆਂ ਸਾਰੀਆਂ ਸੇਵਾਵਾਂ ਬੰਦ ਹੋ ਜਾਣਗੀਆਂ।
ਇਹ ਵੀ ਪੜ੍ਹੋ : ‘ਕੈਪਟਨ, ਜਾਖੜ, ਕੇਵਲ ਢਿੱਲੋਂ ਦੇ ਘਰਾਂ ਅੱਗੇ ਲਾਵਾਂਗੇ ਧਰਨੇ’- BKU ਏਕਤਾ ਉਗਰਾਹਾਂ ਦਾ ਵੱਡਾ ਐਲਾਨ
ਜੇ ਕੋਈ ਪੇਟੀਐਮ ਪੇਮੈਂਟਸ ਬੈਂਕ ਖਾਤੇ ਵਿੱਚ ਰਿਫੰਡ ਦੀ ਉਡੀਕ ਕਰ ਰਿਹਾ ਹੈ, ਤਾਂ 15 ਮਾਰਚ, 2024 ਤੋਂ ਬਾਅਦ ਵੀ, ਭਾਈਵਾਲ ਬੈਂਕਾਂ ਤੋਂ ਖਾਤੇ ਵਿੱਚ ਰਿਫੰਡ, ਕੈਸ਼ਬੈਕ, ਸਵੀਪ-ਇਨ ਜਾਂ ਵਿਆਜ ਦੀ ਆਗਿਆ ਹੈ। ਨਾਲ ਹੀ ਤੁਸੀਂ 15 ਮਾਰਚ ਤੋਂ ਬਾਅਦ ਵੀ ਇਸ ਖਾਤੇ ਤੋਂ ਪੈਸੇ ਕਢਵਾ ਸਕਦੇ ਹੋ। ਵਾਲੇਟ ‘ਚ ਜਮ੍ਹਾ ਰਾਸ਼ੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਆਰਬੀਆਈ ਨੇ ਕਿਹਾ ਕਿ ਜੇ ਤੁਹਾਡੇ ਕੋਲ ਪੇਟੀਐਮ ਵਾਲੇਟ ਹੈ, ਤਾਂ ਤੁਸੀਂ 15 ਮਾਰਚ ਤੱਕ ਜਮ੍ਹਾ ਰਕਮ ‘ਤੇ ਇਸ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, 15 ਮਾਰਚ ਤੋਂ ਬਾਅਦ ਜਮ੍ਹਾ ਕਰਨ ਦੀ ਆਗਿਆ ਨਹੀਂ ਹੋਵੇਗੀ। ਸਿਰਫ਼ ਬਾਕੀ ਰਕਮ ਹੀ ਵਰਤੀ ਜਾ ਸਕਦੀ ਹੈ।