ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 117 ਕੇਂਦਰਾਂ ‘ਤੇ ਸਖ਼ਤ ਸੁਰੱਖਿਆ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੋਸਟਲ ਬੈਲਟ ਪਹਿਲਾਂ ਖੋਲ੍ਹੇ ਜਾ ਰਹੇ ਹਨ। ਇਸ ਤੋਂ ਬਾਅਦ ਈਵੀਐਮ ਖੁੱਲ੍ਹਣਗੀਆਂ। ਸਵੇਰੇ 8.30 ਵਜੇ ਤੋਂ ਸਾਰੀਆਂ 13 ਸੀਟਾਂ ‘ਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।
ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਕਾਂਗਰਸ ਦੂਜੇ ਨੰਬਰ ‘ਤੇ ਹੈ। ਸਭ ਤੋਂ ਹੈਰਾਨ ਕਰਨ ਵਾਲਾ ਰੁਝਾਨ ਖਡੂਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ। ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਇੱਥੋਂ ਅਗਵਾਈ ਕਰ ਰਹੇ ਹਨ। ਮਿਲੇ ਰੁਝਾਨਾਂ ਮੁਤਾਬਕ ਅੰਮ੍ਰਿਤਪਾਲ ਸਿੰਘ 11919 ਵੋਟਾਂ ਤੋਂ ਅੱਗੇ ਹਨ। ਉਥੇ ਹੀ ਚਡੀਗੜ੍ਹ ਵਿਚ ਕਾਂਗਰਸ ਗਠਜੋੜ ਅੱਗੇ ਨਜ਼ਰ ਆ ਰਿਹਾ ਹੈ।
ਉਥੇ ਹੀ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅੱਗੇ ਚੱਲ ਰਹੇ ਦੱਸੇ ਜਾ ਰਹੇ ਹਨ, ਜਦਕਿ ਜਲੰਧਰ ਵਿਚ ਕਾਂਗਰਸ ਦੇ ਉਮੀਦਵਾਰ ਸਾਬਕਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੂਜੀਆਂ ਪਾਰਟੀਆਂ ਨੂੰ ਪਛਾੜਦੇ ਨਜ਼ਰ ਆ ਰਹੇ ਹਨ।
ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ 15000 ਤੋਂ ਵੱਧ ਵੋਟਾਂ ਨਾਲ ਅੱਗੇ ਹਨ, ਉਥੇ ਹੀ ਸੰਗਰੂਰ ਤੋਂ ਵੀ ਆਮ ਆਦਮੀ ਪਾਰਟੀ ਅੱਗੇ ਹਨ, ਇਥੇ ਗੁਰਮੀਤ ਸਿੰਘ ਮੀਤ ਹੇਅਰ 16404 ਵੋਟਾਂ ਨਾਲ ਅੱਗੇ ਹਨ।
ਇਹ ਵੀ ਪੜ੍ਹੋ : Election Result 2024 : ਜਲੰਧਰ ਸੀਟ ‘ਤੇ ਕਾਂਗਰਸ ਨੇ BJP ਨੂੰ ਪਛਾੜਿਆ, ਸ਼ੁਰੂਆਤੀ ਰੁਝਾਨਾਂ ‘ਚ ਚੰਨੀ ਅੱਗੇ
ਪੰਜਾਬ ਵਿੱਚ ਚੋਣ ਮੈਦਾਨ ਵਿੱਚ ਕਈ ਵੱਡੇ ਨਾਂ ਅਜਿਹੇ ਹਨ, ਜਿਨ੍ਹਾਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਇਨ੍ਹਾਂ ਵਿੱਚ ਬਠਿੰਡਾ ਸੀਟ ਤੋਂ ਅਕਾਲੀ ਉਮੀਦਵਾਰ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ, ਜਲੰਧਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ, ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਤੋਂ ਭਾਜਪਾ ਵਿੱਚ ਗਏ ਰਵਨੀਤ ਸਿੰਘ ਬਿੱਟੂ, ਗੁਰਦਾਸਪੁਰ ਤੋਂ ਉਮੀਦਵਾਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਭਾਜਪਾ ਦੀ ਪ੍ਰਨੀਤ ਕੌਰ ਸ਼ਾਮਲ ਹਨ। ਇਸ ਤੋਂ ਇਲਾਵਾ ‘ਆਪ’ ਨੇ ਵੀ ਪੰਜ ਮੰਤਰੀਆਂ ਨੂੰ ਮੈਦਾਨ ‘ਚ ਉਤਾਰਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਅਤੇ ਪਟਿਆਲਾ ਤੋਂ ਡਾ. ਬਲਬੀਰ ਸਿੰਘ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: